ਸੁਲਤਾਨ ਬਾਹੂ

ਸੁਲਤਾਨ ਬਾਹੂ (ਸ਼ਾਹਮੁਖੀ: سلطان باہو) (ca 1628 – 1691)ਮੁਸਲਿਮ ਸੂਫ਼ੀ ਅਤੇ ਸੰਤ ਸੀ ਜਿਸਨੇ ਸਰਵਰੀ ਕਾਦਰੀ ਸੂਫ਼ੀ ਸੰਪਰਦਾ ਦੀ ਨੀਂਹ ਰੱਖੀ।

ਜੀਵਨ

ਸੁਲਤਾਨ ਬਾਹੂ ਦਾ ਜਨਮ 1631 ਈ. ਵਿੱਚ ਝੰਗ ਜਿਲੇ ਦੇ ਪਿੰਡ ਅਵਾਣ ਵਿੱਚ ਹੋਇਆ ਮੰਨਿਆ ਜਾਂਦਾ ਹੈ। ਉਸਦੇ ਪਿਤਾ ਦਾ ਨਾਂ ਬਾਜ਼ੀਦ ਮੁਹੰਮਦ ਅਤੇ ਮਾਤਾ ਦਾ ਨਾਂ ਬੀਬੀ ਰਾਸਤੀ ਕੁਦਸ ਸੱਰਾ ਸੀ। ਬਾਹੂ ਨੂੰ ਮੁਢਲੀ ਅਧਿਆਤਮਿਕ ਸਿੱਖਿਆ ਆਪਣੀ ਮਾਤਾ ਤੋਂ ਘਰ ਵਿੱਚ ਹੀ ਪ੍ਰਾਪਤ ਹੋਈ। ਉਸਦਾ ਸੰਬੰਧ ਵੀ ਸ਼ਾਹ ਹੁਸੈਨ ਵਾਂਗ ਕਾਦਰੀ ਸੰਪਰਦਾ ਨਾਲ ਸੀ। ਬਾਹੂ ਸ਼ਾਹ ਹੁਸੈਨ ਪਿੱਛੋਂ ਦੂਜਾ ਮਹਾਨ ਸੂਫ਼ੀ ਕਵੀ ਹੋਇਆ ਹੈ। ਬਾਹੂ ਨੇ ਦਿੱਲੀ ਦੇ ਸੱਯਦ ਅਬਦੁਲ ਰਹਿਮਾਨ ਨੂੰ ਆਪਣਾ ਮੁਰਸ਼ਿਦ ਧਾਰਨ ਕੀਤਾ ਅਤੇ ਉਸ ਤੋਂ ਅਧਿਆਤਮਿਕ ਸਿੱਖਿਆ ਗ੍ਰਹਿਣ ਕੀਤੀ।
ਰਚਨਾ

ਸੁਲਤਾਨ ਬਾਹੂ ਅਰਬੀ-ਫ਼ਾਰਸੀ ਦਾ ਚੰਗਾ ਵਿਦਵਾਨ ਸੀ ਅਤੇ ਉਸਨੇ ਆਪਣੀ ਅਧਿਕਤਰ ਰਚਨਾ ਅਰਬੀ-ਫ਼ਾਰਸੀ ਵਿੱਚ ਹੀ ਕੀਤੀ। ਇਸ ਸੰਬੰਧ ਵਿੱਚ ਡਾ. ਲਾਜਵੰਤੀ ਰਾਮਾਕ੍ਰਿਸ਼ਨਾ ਨੇ ਆਪਣੇ ਸ਼ੋਧ-ਪ੍ਰਬੰਧ ‘ਪੰਜਾਬੀ ਸੂਫ਼ੀ ਪੋਇਟਸ` ਵਿੱਚ ‘ਤਵਾਰੀਖ਼ ਸੁਲਤਾਨ ਬਾਹੂ` (ਕ੍ਰਿਤ ਗੁਲਾਮ ਸਰਵਾਰ) ਦੇ ਹਵਾਲੇ ਨਾਲ ਬਾਹੂ ਦੀਆਂ ਅਰਬੀ-ਫ਼ਾਰਸੀ ਵਿੱਚ ਲਿਖੀਆ 140 ਰਚਨਾਵਾਂ ਦਾ ਉਲੇਖ ਕੀਤਾ ਹੈ।

ਪੰਜਾਬੀ ਵਿੱਚ ਬਾਹੂ ਦੀ ਰਚਨਾ ‘ਸੀਹਰਫ਼ੀ` ਕਾਵਿ-ਵਿਧਾ ਦੇ ਰੂਪ ਵਿੱਚ ਉਪਲਬਧ ਹੈ। ਉਸਨੇ ਪੰਜਾਬੀ ਕਾਵਿ ਵਿੱਚ ਪਹਿਲੀ ਵਾਰ ‘ਸੀਹਰਫ਼ੀ` ਕਾਵਿ-ਰੂਪ ਦਾ ਪ੍ਰਯੋਗ ਕੀਤਾ ਅਤੇ ਇਸਨੂੰ ਸਿਖਰ ਤੇ ਲੈ ਗਿਆ। ਪਰ ਉਸਦਾ ਆਪਣਾ ਲਿਖਿਆ ਕੋਈ ਖ਼ਰੜਾ ਨਹੀ ਮਿਲਦਾ। ਉਸਦੀ ਫ਼ਾਰਸੀ ਵਿੱਚ 50 ਗਜ਼ਲਾ ਦੇ ਇਕ ਸੰਗ੍ਰਹਿ ‘ਦੀਵਾਨੇ ਬਾਹੂ` ਦਾ ਪੰਜਾਬੀ ਕਵਿਤਾ ਵਿੱਚ ਅਨੁਵਾਦ ਮੌਲਵੀ ਮੁਹੰਮਦ ਅੱਲਾਦੀਨ ਕਾਦਰੀ ਸਰਵਰ ਨੇ ਕੀਤਾ। ਉਸਦੀ ਪੰਜਾਬੀ ਰਚਨਾ ਛਾਪਣ ਦਾ ਦੂਜਾ ਉਦਮ ਸੰਨ 1925 ਈ. ਵਿੱਚ ਮਲਕ ਫ਼ਜਲਦੀਨ ਲਾਹੌਰੀ ਨੇ ਕੀਤਾ। ਇਸ ਤੋਂ ਇਲਾਵਾਂ ਬਾਹੂ ਦੀ ਰਚਨਾ ਨੂੰ ਮੋਹਨ ਸਿੰਘ, ਡਾ. ਹਰਜਿੰਦਰ ਸਿੰਘ ਢਿਲੋਂ, ਭਾਸ਼ਾ ਵਿਭਾਗ, ਪੰਜਾਬ ਯੂਨੀਵਰਸਿਟੀ- ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ- ਪਟਿਆਲਾ ਵਲੋਂ ਵੀ ਛਾਪਿਆ ਗਿਆ।
ਕਲਾ

ਸੁਲਤਾਨ ਬਾਹੂ ਨੇ ‘ਸੀਹਰਫ਼ੀ` ਕਾਵਿ-ਰੂਪ ਦਾ ਪ੍ਰਯੋਗ ਕੀਤਾ। ‘ਸੀਹਰਫ਼ੀ` ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਅਤੇ ਇਸਦਾ ਅਰਥ ਹੈ ‘ਤੀਹ ਅੱਖਰਾ ਵਾਲੀ`। ਇਸਨੂੰ ਲਿਖਣ ਲਈ ਕੋਈ ਛੰਦ ਨਿਸ਼ਚਿਤ ਨਹੀਂ ਹੈ। ਬਾਹੂ ਨੇ ‘ਸੀਹਰਫ਼ੀ` ਵਿੱਚ ਬੈਂਤ ਜਾਂ ਦੋਹੜਾ ਵਰਤਿਆ ਹੈ। ਉਹ ਹਰ ਤੁਕ ਦੇ ਅੰਤ ਵਿੱਚ ‘ਹੂ` ਸ਼ਬਦ ਵਰਤਦਾ ਹੈ, ਜਿਸ ਨਾਲ ਕਵਿਤਾ ਵਿੱਚ ਇਕ ਸੰਗੀਤਕ ਲੈ ਆ ਜਾਂਦੀ ਹੈ। ‘ਹੂ` ਸ਼ਬਦ ਦੀ ਵਰਤੋਂ ਇਸਨੂੰ ‘ਤਾਟਕ` ਛੰਦ ਦੇ ਨੇੜੇ ਲੈ ਜਾਂਦੀ ਹੈ। ਉਹ ਪੂਰੀ ਖੁੱਲ੍ਹ ਨਾਲ ਛੰਦ ਬੰਨ੍ਹਦਾ ਹੈ। ਤੁਕਾਂਤ ਮੇਲ ਵਿੱਚ ਵੀ ਬੜੀ ਲਾਪਰਵਾਹੀ ਵਿਖਾਈ ਗਈ ਹੈ। ਪਰ ਹੋਰ ਸੂਫ਼ੀਆਂ ਦੇ ਮੁਕਾਬਲੇ ਬਾਹੂ ਦੀ ਰਚਨਾ ਵਿੱਚ ਬੌਧਿਕ ਅੰਸ਼ ਵਧੇਰੇ ਹੈ ।

ਬਾਹੂ ਦੀ ‘ਸੀਹਰਫ਼ੀ` ਵਿੱਚ ਇਕ ਅੱਖਰ ਨਾਲ ਇਕ ਤੋਂ ਵੱਧ ਬੰਦ ਵਰਤੇ ਗਏ ਹਨ, ਜਦ ਕਿ ਆਮ ਤੌਰ ਤੇ ਇਕ ਅੱਖਰ ਨਾਲ ਸੰਬੰਧਿਤ ਇਕ ਬੰਦ ਹੀ ਰਚਿਆ ਜਾਂਦਾ ਹੈ। ਬੰਦਾਂ ਵਿੱਚ ‘ਪੇ` ‘ਚੇ` ਅਤੇ ‘ਗ਼ਾਫ਼` ਅੱਖਰਾਂ ਦੇ ਬੰਦ ਆਏ ਹਨ, ਜੋ ਫ਼ਾਰਸੀ ਦੀ ਵਰਣਮਾਲਾ ਵਿੱਚ ਨਹੀਂ ਹਨ। ਇਸ ਵਿੱਚ ਫ਼ਾਰਸੀ ਲਿਪੀ ਤੋਂ ਕਾਫੀ ਖੁੱਲ੍ਹ ਲਈ ਗਈ ਹੈ। ਬਾਹੂ ਨੇ ਆਪਣੇ ਭਾਵਾਂ ਦੀ ਸਪਸ਼ਟਤਾ ਲਈ ਬਣੀ ਸੁਚੱਜਤਾ ਨਾਲ ਉਪਮਾਨਾਂ ਦੀ ਵਰਤੋਂ ਕੀਤੀ ਹੈ, ਜਿਵੇਂ ‘ਸਾਵਣ ਮਾਹ ਦੇ ਬਦਲਾ ਵਾਂਗੂ, ਫਿਰਨ ਕਤਾਬਾਂ ਚਾਈ ਹੂ`, ਚੌਦਾਂ ਤਬਕ ਦਿਲੇ ਦੇ ਅੰਦਰ, ਤੰਬੂ ਵਾਂਗਣ ਤਾਣੇ ਹੂ`, ‘ਬਿਜਲੀ ਵਾਂਗੂ ਕਰੇ ਲਸ਼ਕਾਰੇ, ਸਿਰ ਦੇ ਉਤੋਂ ਝੋਂਦੀ ਹੂ`, ‘ਬਾਗਬਾਨਾਂ ਦੇ ਬੂਟੇ ਵਾਂਗੂ, ਤਾਲਬ ਨਿਤ ਸਮ੍ਹਾਲੇ ਹੂ` ਆਦਿ। ਉਸਨੇ ਸਦ੍ਰਿਸ਼ਤਾ-ਮੂਲਕ ਅਲੰਕਾਰ ਵਰਤੇ ਹਨ ਅਤੇ ਉਸਦੀ ਰਚਨਾ ਵਿੱਚ ਸ਼ਾਂਤ ਰਸ ਪ੍ਰਧਾਨ ਹੈ।

ਬਾਹੂ ਦੀ ਕਲਾਤਮਕ ਸੁੰਦਰਤਾ ਉਸ ਦੁਆਰਾ ਵਰਤੇ ਪ੍ਰਤੀਕਾਂ ਵਿੱਚ ਵੇਖੀ ਜਾ ਸਕਦੀ ਹੈ। ਉਸਨੇ ਪਰਮ-ਸੱਤਾ ਲਈ ਸੱਜਣ, ਦੋਸਤ, ਜਾਨੀ, ਸ਼ੌਹ, ਸਾਹਿਬ ਅਤੇ ਮੁਰਸ਼ਿਦ ਲਈ ਰਹਿਮਤ ਦਾ ਦਰਵਾਜ਼ਾ, ਸੁਨਿਆਰ, ਮੱਕਾ ਆਦਿ ਪ੍ਰਤੀਕਾਂ ਦਾ ਪ੍ਰਯੋਗ ਕੀਤਾ ਹੈ। ਬਾਹੂ ਪੰਜਾਬੀ ਲੋਕ-ਵਿਰਸੇ ਨਾਲ ਜੁੜਿਆ ਪ੍ਰਤੀਤ ਹੁੰਦਾ ਹੈ ਕਿਉਂਕਿ ਉਸਨੇ ਹੀਰ-ਰਾਝੇ ਦੀ ਪ੍ਰੇਮ ਕਥਾ ਅਤੇ ਪੰਜਾਬੀ ਲੋਕ ਵਿਰਸੇ ਨਾਲ ਜੁੜੇ ਅਖਾਣਾ ਤੇ ਮੁਹਾਵਰਿਆਂ ਦੀ ਵਰਤੋ ਕੀਤੀ ਹੈ। ਬਾਹੂ ਨੇ ਮੁੱਖ ਤੌਰ ਤੇ ਕੇਂਦਰੀ ਪੰਜਾਬੀ ਦੀ ਵਰਤੋਂ ਕੀਤੀ ਹੈ ਪਰ ਉਸਦੀ ਬੋਲੀ ਉੱਤੇ ਅਰਬੀ-ਫ਼ਾਰਸੀ ਅਤੇ ਲਹਿੰਦੀ ਭਾਸ਼ਾ ਦਾ ਪ੍ਰਭਾਵ ਹੈ। ਉਸਦੀ ਭਾਸ਼ਾ ਦੀ ਇਕ ਵਿਸ਼ੇਸ਼ਤਾ ਉਸਦੀ ਸੁੰਦਰ ਅਤੇ ਪ੍ਰਭਾਵਸ਼ਾਲੀ ਵਰਣ-ਯੋਜਨਾ ਹੈ। ‘ਜਿਸ ਮਰਨੇ ਥੀਂ ਖਲਕਤ ਡਰਦੀ, ਬਾਹੂ ਆਸ਼ਕ ਮਰੇ ਤਾਂ ਜੀਵੇ ਹੂ`
ਵਿਚਾਰਧਾਰਾ

ਬਾਹੂ ਅਰਬੀ-ਫ਼ਾਰਸੀ ਦੇ ਨਾਲ-ਨਾਲ ਪੰਜਾਬ ਤੇ ਪੰਜਾਬੀ ਦਾ ਵੀ ਇਕ ਹਰਮਨ-ਪਿਆਰਾ ਸੂਫ਼ੀ ਕਵੀ ਪ੍ਰਵਾਨਿਤ ਹੋਇਆ ਹੈ। ਉਸਨੇ ਪੰਜਾਬੀ ਭਾਸ਼ਾ ਵਿੱਚ ‘ਸੀਹਰਫ਼ੀ` ਕਾਵਿ-ਰੂਪ ਵਿੱਚ ਰਚਨਾ ਕੀਤੀ। ਉਸਨੇ ਸਾਧਨਾ-ਮਾਰਗ ਉੱਤੇ ਚਲਦਿਆਂ ਹਾਸਲ ਕੀਤੇ ਹਕੀਕੀ ਗਿਆਨ ਤੇ ਸੱਚੀ -ਸੁਚੀ ਸੂਫ਼ੀਆਨਾ ਵਿੱਚਾਰਧਾਰਾ ਨੂੰ ਪ੍ਰਗਟਾਉਣ ਲਈ ਸਾਹਿੱਤ-ਮਾਧਿਅਮ ਦਾ ਮਹੱਤਵ ਸਮਝਿਆ। ਉਸਨੇ ਅਧਿਆਤਮਿਕ ਅਤੇ ਧਾਰਮਿਕ ਮਸਲਿਆਂ ਉੱਤੇ ਖੁੱਲ੍ਹ ਕੇ ਵਿੱਚਾਰ ਪ੍ਰਗਟਾਏ। ਉਸਦੀ ਕਾਵਿ-ਰਚਨਾ ਦਾ ਮੁੱਖ ਨਿਸ਼ਾਨਾ ਇਸ਼ਕ ਹਕੀਕੀ ਦਾ ਸੰਕਲਪ, ਮੁਰਸ਼ਿਦ ਰਾਹੀਂ ਰੂਹਾਨੀ ਗਿਆਨ ਤੇ ਸ਼ਰੀਅਤ ਦੀ ਰੂਹਾਨੀ ਵਿਆਖਿਆ ਕਰਨਾ ਹੈ। ਸੂਫ਼ੀ ਸਾਧਨਾ ਵਿੱਚ ਇਸ਼ਕ ਹਮੇਸ਼ਾ ਨਿਸ਼ਕਾਮ ਹੁੰਦਾ ਹੈ। ਉਸਨੇ ਇਸ਼ਕ ਹਕੀਕੀ ਦੇ ਆਸ਼ਕ ਦੇ ਕਿਰਦਾਰ ਉੱਤੇ ਵੀ ਪ੍ਰਕਾਸ਼ ਪਾਇਆ। ਸੂਫ਼ੀ ਸਾਧਨਾ ਵਿੱਚ ਮੁਰਸ਼ਿਦ ਦਾ ਬਹੁਤ ਮਹਤੱਵ ਹੈ, ਜਿਸ ਦੀ ਮਿਹਰ ਨਾਲ ਹੀ ਮੁਰੀਦ ਆਪਣੀ ਸਾਧਨਾ ਵਿੱਚ ਕਾਮਯਾਬ ਹੋ ਸਕਦਾ ਹੈ। ਉਹ ਬਾਕੀ ਸ਼ਰਈ ਸੂਫ਼ੀਆਂ ਵਾਂਗ ਹਜ਼ਰਤ ਮੁਹੰਮਦ ਦੀ ਸਿੱਖਿਆ ਨੂੰ ਸਵੀਕਾਰ ਦਾ ਹੈ। ‘ਸੱਚਾ ਰਾਹ ਮੁਹੰਮਦ ਵਾਲਾ ਬਾਹੂ, ਜੈ ਵਿੱਚ ਰੱਬ ਲਬੀਵੇ ਹੂ।` ਇਸ ਤੋਂ ਬਿਨਾ ਉਸਨੇ ਸੰਸਾਰ ਦੀ ਨਾਸ਼ਮਾਨਤਾ ਤੇ ਧਾਰਮਿਕ ਸਹਿਨਸ਼ੀਲਤਾ ਦੇ ਵਿਸ਼ਿਆ ਨੂੰ ਵੀ ਬਾਹੂ ਨੇ ਛੋਹਿਆ। ਉਸਨੇ ਪਾਖੰਡੀ ਆਲਮਾਂ ਦੇ ਚਰਿਤ੍ਰ ਨੂੰ ਸਬ ਤੋਂ ਵੱਧ ਭੰਡਿਆ, ਜਿਹੜੇ ਸਾਰੇ ਮਜ਼੍ਹਬੀ ਮਸਲਿਆਂ ਉੱਤੇ ਲੋਕਾਂ ਨੂੰ ਗੁਮਰਾਹ ਕਰਦੇ ਸਨ। ਉਸਦੀ ਰਚਨਾ ਵਿੱਚ ‘ਕਲਮੇ’ ਦਾ ਜ਼ਿਕਰ ਵੀ ਆਉਦਾ ਹੈ। ‘ਕਲਮਾ’ ਇਸਲਾਮ ਦਾ ਮੂਲ-ਮੰਤਰ ਹੈ, ਜਿਸ ਪ੍ਰਤੀ ਬਾਹੂ ਆਪਣੀ ਸ਼ਰਧਾ ਪ੍ਰਗਟ ਕਰਦਾ ਹੈ। ਪਰ ਉਹ ਮਜ਼੍ਹਬ ਦੀਆਂ ਅਨੇਕ ਵਿਆਰਥ ਬੰਦਸ਼ਾ ਅਤੇ ਰਵਾਇਤਾਂ ਨੂੰ ਨਹੀਂ ਸਵੀਕਾਰਦਾ। ਬਾਹੂ ਨੇ ਖੁਦੀ/ਨਫਸ ਨੂੰ ਬਹੁਤ ਘਟੀਆ ਸਮਝਿਆ ਹੈ ਅਤੇ ਇਸ ਨੂੰ ਮਾਰਨ, ਪਰਮਾਤਮਾ ਦੇ ਭਾੜੇ ਨੂੰ ਮੰਨਣ ਅਤੇ ਫ਼ਕੀਰ ਲਈ ਆਤਮ-ਸੁੱਧੀ ਉੱਤੇ ਬਲ ਦਿੰਦਾ ਹੈ। ਉਹ ਸਾਧਕ ਨੂੰ ਸ਼ੁਭ ਅਮਲਾਂ ਦੀ ਵੀ ਪੇ੍ਰਰਣਾ ਦਿੰਦਾ ਹੈ।

‘ਵਿਚ ਦਰਗਾਹ ਦੇ ਅਮਲਾਂ ਬਾਝੋਂ, ਬਾਹੂ ਹੋਗ ਨਾ ਕੁਝ ਨਿਬੇੜਾ ਹੂ`

ਬਾਹੂ ਨੇ ਪੰਜਾਬੀ ਸੂਫ਼ੀ ਕਵਿਤਾ ਵਿੱਚ ਆਪਣਾ ਇਤਿਹਾਸਿਕ ਸਥਾਨ ਬਣਾਇਆ ਹੈ। ਉਸਨੇ ਪਹਿਲੀ ਵਾਰ ‘ਸੀਹਰਫ਼ੀ` ਦੀ ਵਿਵਸਥਿਤ ਰਚਨਾ ਕੀਤੀ। ਸੂਫ਼ੀਮਤ ਦੇ ਸਿੱਧਾਂਤਾਂ ਉੱਤੇ ਰੌਸ਼ਨੀ ਪਾਈ ਹੈ ਅਤੇ ਰੂੜ੍ਹ ਪਰੰਪਰਾਵਾਂ ਦੇ ਖੰਡਨ ਦੀ ਬਿਰਤੀ ਨੂੰ ਵਿਕਸਿਤ ਕੀਤਾ ਹੈ। ਹਵਾਲਾ ਪੁਸਤਕਾਂ:- 1. ਪੰਜਾਬੀ ਸਾਹਿੱਤ ਦਾ ਸਰੋਤ-ਮੂਲਕ ਇਤਿਹਾਸ ਭਾਗ-ਤੀਜਾ (ਪੂਰਵ ਮੱਧਕਾਲ-2) ਲੇਖਕ-ਡਾ. ਰਤਨ ਸਿੰਘ ਜੱਗੀ ਪ੍ਰਕਾਸ਼ਨ-ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ-ਪਟਿਆਲਾ, ਪੰਨਾ ਨੰ- 185 ਤੋਂ 205 ਤੱਕ। 2. ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ-ਭਗਤੀ ਕਾਲ) ਲੇਖਕ- ਡਾ. ਜਗਬੀਰ ਸਿੰਘ, ਪ੍ਰਕਾਸ਼ਨ- ਗੁਰੂ ਨਾਨਕ ਦੇਵ ਯੂਨੀਵਰਸਿਟੀ-ਅਮ੍ਰਿਤਸਰ, ਪੰਨਾ ਨੰ- 49 ਤੋਂ 50 ਤੱਕ। 3. ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ, ਲੇਖਕ-ਜੀਤ ਸਿੰਘ ਸੀਤਲ, ਪ੍ਰਕਾਸ਼ਨ- ਪੈਪਸੂ ਬੁਕ ਡਿਪੋ- ਪਟਿਆਲਾ, ਪੰਨਾ ਨੰ- 314 ਤੋਂ 316 ਤੱਕ। 4. ਪੰਜਾਬੀ ਸਾਹਿੱਤ ਦਾ ਇਤਿਹਾਸ (ਆਦਿ ਕਾਲ ਤੋਂ 1700 ਈ. ਤੱਕ) ਲੇਖਕ ਡਾ. ਪਰਮਿੰਦਰ ਸਿੰਘ, ਪ੍ਰਕਾਸ਼ਨ- ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ-ਪਟਿਆਲਾ, ਪੰਨਾ ਨੰ- 59 ਤੋਂ 61 ਤੱਕ। 5. ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲੇਖਕ-ਡਾ. ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ, ਪ੍ਰਕਾਸ਼ਨ- ਲਾਹੌਰ ਬੁਕ ਸ਼ਾਪ- ਲੁਧਿਆਣਾ, ਪੰਨਾ ਨੰ. 134 ਤੋਂ 135 ਤੱਕ। 6. ਖੋਜ ਪਤ੍ਰਿਕਾ- ਸੂਫ਼ੀ ਕਾਵਿ ਅੰਕ-33 (ਮਾਰਚ 1989) ਮੁੱਖ ਸੰਪਾਦਕ- ਡਾ. ਰਤਨ ਸਿੰਘ ਜੱਗੀ, ਪ੍ਰਕਾਸ਼ਨ- ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ-ਪਟਿਆਲਾ। (i) ਆਰਟੀਕਲ ਨੰ- 15, ‘ਸੁਲਤਾਨ ਬਾਹੂ ਦੀ ਵਿੱਚਾਰਧਾਰਾ`, ਲੇਖਕ-ਡਾ. ਹਿਰਦੇ ਜੀਤ ਸਿੰਘ ਭੋਗਲ, ਪੰਨਾ ਨੰ- 177 ਤੋਂ 185 ਤੱਕ 7. ਸੁਲਤਾਨ ਬਾਹੂ: ਜੀਵਨ ਤੇ ਕਵਿਤਾ, ਲੇਖਕ- ਹਰਜਿੰਦਰ ਸਿੰਘ ਢਿਲੋਂ, ਪ੍ਰਕਾਸ਼ਨ- ਰੂਹੀ ਪ੍ਰਕਾਸ਼ਨ- ਅਮ੍ਰਿਤਸਰ।