ਸੁਰਜੀਤ ਪਾਤਰ

ਸੁਰਜੀਤ ਪਾਤਰ
ਜਨਮ:     14 ਜਨਵਰੀ 1944
ਪਿੰਡ: ਪੱਤੜ ਕਲਾਂ , ਜਿਲਾ ਜਲੰਧਰ (ਭਾਰਤੀ ਪੰਜਾਬ)
ਕਾਰਜ_ਖੇਤਰ:     ਅਧਿਆਪਨ ਅਤੇ ਸਾਹਿਤਕਾਰੀ
ਰਾਸ਼ਟਰੀਅਤਾ:     ਭਾਰਤੀ
ਭਾਸ਼ਾ:     ਪੰਜਾਬੀ
ਕਾਲ:     1960ਵਿਆਂ ਤੋਂ ਅੱਗੇ
ਵਿਧਾ:     ਗ਼ਜ਼ਲ
ਵਿਸ਼ਾ:     ਸਮਾਜਿਕ

ਸੁਰਜੀਤ ਪਾਤਰ (ਜਨਮ: 14 ਜਨਵਰੀ 1944) ਅੱਜ ਦੇ ਸਮੇਂ ਦਾ ਇਕ ਨਾਮਵਰ ਪੰਜਾਬੀ ਸ਼ਾਇਰ ਹੈ। ਉਸਨੇ 1960ਵਿਆਂ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ ਸਨ ਅਤੇ ਅੱਜ ਤੱਕ ਨਿਰੰਤਰ ਕਾਵਿ-ਸਿਰਜਣਾ ਵਿੱਚ ਕਰਮਸ਼ੀਲ ਹੈ। ਉਹਦੀ ਸਖਸ਼ੀਅਤ 'ਕਵਿਤਾ ਦੀ ਵਿਆਪਕ ਸਮਾਜਿਕ ਅਪੀਲ ਤੇ ਗੰਭੀਰਤਾ' ਦਾ ਸੁੰਦਰ ਸੁਮੇਲ ਹੈ।

ਜੀਵਨ

ਉਸ ਦਾ ਜਨਮ ਸੰਨ 1944 ਨੂੰ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ 'ਪੱਤੜ ਕਲਾਂ' ਵਿਖੇ ਹੋਇਆ। ਆਪਣੇ ਪਿੰਡ ਦੇ ਨਾਮ ਤੋਂ ਹੀ ਓਹਨਾ ਨੇ ਆਪਣਾ ਤਖੱਲਸ "ਪਾਤਰ" ਰੱਖ ਲਿਆ। ਪਾਤਰ ਨੇ ਪੰਜਾਬੀ ਯੂਨੀਵਰਿਸਟੀ ਪਟਿਆਲਾ ਤੋਂ ਪੰਜਾਬੀ ਦੀ ਐਮ ਏ ਅਤੇ ਗੁਰੂ ਨਾਨਕ ਦੇਵ ਯੂਨੀਵਰਿਸਟੀ, ਅੰਮ੍ਰਿਤਸਰ ਤੋਂ ਪੀ ਐਚ ਡੀ ਕੀਤੀ ਜਿਸਦਾ ਵਿਸ਼ਾ "Transformation of Folklore in Guru Nanak Vani " ਸੀ। ਇਸ ਤੋਂ ਬਾਅਦ ਉਹ ਪੰਜਾਬ ਖੇਤੀਬਾੜੀ ਯੂਨੀਵਰਿਸਟੀ, ਲੁਧਿਆਣਾ ਵਿੱਚ ਅਧਿਆਪਕ ਵਜੋਂ ਨਿਯੁਕਤ ਹੋ ਗਏ ਅਤੇ ਇਥੋਂ ਹੀ ਪੰਜਾਬੀ ਦੇ ਪ੍ਰੋਫ਼ੈਸਰ ਦੇ ਤੌਰ ਤੇ ਸੇਵਾਮੁਕਤ ਹੋਏ।
ਪੰਜਾਬੀ ਗਜ਼ਲ ਨੂੰ ਯੋਗਦਾਨ

ਸੁਰਜੀਤ ਪਾਤਰ ਨੇ ਪੰਜਾਬੀ ਗ਼ਜਲ ਨੂੰ ਰਾਗਆਤਮਿਕਤਾ ਦੇ ਕੇ ਉਸ ਦਾ ਮਿਆਰ ਵਧਾਇਆ ਹੈ। ਗ਼ਜ਼ਲ ਦੇ ਹਰ ਸ਼ੇਅਰ ਦੀ ਤਪਸ਼, ਸ਼ਬਦਾਂ ਵਿਚਲੀ ਗਹਿਰਾਈ ਮੁਨੱਖੀ ਮਨ ਨੂੰ ਭਾਵਨਾਤਮਿਕ ਤੌਰ ਤੇ ਝੰਜੋੜਦੀ ਹੈ। ਉਨਾਂ ਦੀ ਗ਼ਜਲ ਦੇ ਸੂਖਮ ਭਾਵਾਂ ਵਾਲੇ ਸ਼ੇਅਰ, ਅੰਦਰੂਨੀ ਧਰਾਤਲ ਨੂੰ ਟੁੰਬਦੇ ਅਤੇ ਹਿਰਨੀ ਦੀ ਚਾਲ ਵਾਂਗੂ ਚੁੰਗੀਆਂ ਭਰਦੇ ਹਨ। ਸੁਰਜੀਤ ਪਾਤਰ ਨੇ ਸਮੇਂ ਦੀ ਚੇਤਨਾ ਨੂੰ ਮਾਨਵਵਾਦੀ, ਬੇਇਨਸਾਫੀ ਤੇ ਸਮਾਜਿਕ ਜਟਿਲ ਸਮੱਸਆਵਾਂ ਨੂੰ ਪਾਰਦਰਸ਼ੀ ਰੂਪ ਵਿਚ ਕਲਮਬੰਦ ਕੀਤਾ ਹੈ। ਸੁਰਜੀਤ ਪਾਤਰ ਯਥਾਰਥ ਦੇ ਪਸਾਰੇ ਨੂੰ ਵਿਰੋਧ ਵਿਚ ਸਮੇਟਦਾ ਹੈ ਅਤੇ ਪ੍ਰਮਾਣਿਕ ਅਨੁਭਵ ਦੇ ਕੇ ਗ਼ਜ਼ਲ ਦੀ ਪੂਰਤੀ ਕਰਦਾ ਹੈ। ਪੰਜਾਬੀ ਗ਼ਜ਼ਲ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਇਕ ਆਧੁਨਿਕ ਤੇ ਪੰਜਾਬੀ ਰੰਗ ਵਾਲੀ ਪਛਾਣ ਦੁਆਉਣ ਦਾ ਸਿਹਰਾ ਉਸਨੂੰ ਜਾਂਦਾ ਹੈ। ਜਿਵੇਂ ਕਿ, “ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ” ਜਾਂ ਫਿਰ “ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ। ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ”। ਉਸ ਦੀ ਰਚਨਾਤਮਿਕ ਕਲਾ ਕੌਸ਼ਲਤਾ ਅਤਿ ਦੀ ਸੰਵੇਦਨਾਸ਼ੀਲ ਹੈ। ਜਿਵੇਂ “ਕੋਈ ਡਾਲੀਆਂ ‘ਚੋਂ ਲੰਘਿਆ ਹਵਾ ਬਣ ਕੇ, ਅਸੀਂਰਹਿ ਗਏ ਬਿਰਖ ਵਾਲੀ ਹਾ ਬਣ ਕੇ”, “ਖੜਕ ਹੋਵੇ ਜੇ ਡਿੱਗੇ ਪੱਤਾ ਵੀ, ਐਸੀ ਚੁੱਪ ਹੈ ਤਾਂ ਬਿਰਖ ਅਰਜ਼ ਕਰੇ”। ਪੰਜਾਬੀ ਜ਼ੁਬਾਨ ਵਿਚ ਗ਼ਜ਼ਲ ਨੂੰ ਚਮਕਾਉਣ ਵਾਲਿਆਂ ਚੋਂ ਸੁਰਜੀਤ ਪਾਤਰ ਸਿਖਰ ਤੇ ਹੈ। ਉਸ ਨੇ ਆਪਣੀ ਸਿਰਜਣ ਪ੍ਰਕਿਰਿਆਂ ਵਿਚ ਵਿਚਾਰਾਂ ਨੂੰ ਸ਼ਬਦਾਂ ਦੀ ਲੈਅ ਦੇ ਕੇ ਕਈ ਮਸ਼ਹੂਰ ਗ਼ਜ਼ਲਾਂ ਨੂੰ ਜਨਮ ਦਿੱਤਾ ਹੈ।
ਰਚਨਾਵਾਂ
ਕਾਵਿ ਸੰਗ੍ਰਹਿ

    ਹਵਾ ਵਿੱਚ ਲਿਖੇ ਹਰਫ਼
    ਬਿਰਖ ਅਰਜ਼ ਕਰੇ
    ਹਨੇਰੇ ਵਿੱਚ ਸੁਲਗਦੀ ਵਰਨਮਾਲਾ
    ਲਫ਼ਜ਼ਾਂ ਦੀ ਦਰਗਾਹ
    ਪਤਝੜ ਦੀ ਪਾਜ਼ੇਬ
    ਸੁਰ-ਜ਼ਮੀਨ

ਅਨੁਵਾਦ

    ਲੋਰਕਾ ਦੇ ਤਿੰਨ ਦੁਖਾਂਤ
    ਗਿਰੀਸ਼ ਕਾਰਨਾਡ ਦਾ ਨਾਟਕ "ਨਾਗ ਮੰਡਲ",
    ਬ੍ਰੈਖਤ ਅਤੇ ਨੇਰੂਦਾ ਦੀਆਂ ਕਵਿਤਾਵਾਂ

ਸਨਮਾਨ

    ੧੯੯੩ ਵਿੱਚ "ਹਨੇਰੇ ਵਿੱਚ ਸੁਲਗਦੀ ਵਰਨਮਾਲਾ" ਲਈ ਸਾਹਿਤ ਅਕਾਦਮੀ ਸਨਮਾਨ
    ੧੯੯੯ ਵਿੱਚ "ਭਾਰਤੀ ਭਾਸ਼ਾ ਪਰੀਸ਼ਦ ਕਲਕੱਤਾ" ਵਲੋਂ ਪੰਚਨਾਦ ਪੁਰਸਕਾਰ
    ੨੦੧੨ ਵਿੱਚ ਭਾਰਤ ਦੇ ਸਰਵ-ਉਚ ਰਾਸ਼ਟਰੀ ਸਨਮਾਨਾਂ ਵਿਚੋਂ ਇਕ ਪਦਮਸ਼੍ਰੀ

ਚੋਣਵੀਆਂ ਗ਼ਜ਼ਲਾਂ

(1)

ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ
ਆਖੋ ਏਨਾਂ ਨੂੰ ਉਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਏਥੇ ਖੜ੍ਹੇ ਰਹਿਣਗੇ

ਯਾਰ ਮੇਰੇ ਜੋ ਇਸ ਆਸ ਤੇ ਮਰ ਗਏ
ਕਿ ਮੈਂ ਉੱਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ
ਜੇ ਮੈਂ ਚੁਪ ਹੀ ਰਿਹਾ ਜੇ ਮੈਂ ਕੁਛ ਨਾ ਕਿਹਾ
ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ

ਜੋ ਬਦੇਸ਼ਾਂ ‘ਚ ਰੁਲ਼ਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ

ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ
ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ
ਰਾਜ ਬਦਲਣੇ ਸੂਰਜ ਚੜਣ ਲਹਿਣਗੇ

ਇਹ ਰੰਗਾਂ ‘ਚ ਚਿਤਰੇ ਨੇ ਖੁਰ ਜਾਣਗੇ
ਇਹ ਜੋ ਮਰਮਰ ‘ਚ ਉਕਰੇ ਨੇ ਮਿਟ ਜਾਣਗੇ
ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ

ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ ਤੇ
ਜੇ ਹਵਾ ਇਹ ਰਹੀ ਕਬਰਾਂ ਉਤੇ ਤਾਂ ਕੀ
ਸਭ ਘਰਾਂ ‘ਚ ਵੀ ਦੀਵੇ ਬੁਝੇ ਰਹਿਣਗੇ

(2)

ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ

ਪੈੜਾਂ ਤੇਰੀਆਂ ‘ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ

ਪਿਆਂ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣ ਕੇ

ਕਦੀ ਬੰਦਿਆਂ ਦੇ ਵਾਂਗੂ ਸਾਨੂੰ ਮਿਲਿਆ ਵੀ ਕਰ
ਐਵੇਂ ਲੰਘ ਜਾਨੈ ਪਾਣੀ ਕਦੇ ਵਾ ਬਣ ਕੇ

ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ

(3)

ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ

ਮੈਂ ਤਾਂ ਨਹੀ ਰਹਾਂਗਾ ਮੇਰੇ ਗੀਤ ਰਹਿਣਗੇ
ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਕ ਹਾਂ

ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ
ਵੰਝਲੀ ਦੇ ਰੂਪ ਵਿਚ ਮੈਂ ਉਸ ਜੰਗਲ ਦੀ ਚੀਕ ਹਾਂ

ਅੱਗ ਦਾ ਸਫਾ ਹੈ ਉਸ ‘ਤੇ ਮੈਂ ਫੁੱਲਾਂ ਦੀ ਸਤਰ ਹਾਂ
ਅਹੁ ਬਹਿਸ ਕਰ ਰਹੇ ਨੇ ਗਲਤ ਹਾਂ ਕਿ ਠੀਕ ਹਾਂ

(4)

ਕੋਈ ਦਸਤਾਰ ਰਤ ਲਿਬੜੀ ਕੋਈ ਤਲਵਾਰ ਆਈ ਹੈ
ਲਿਆਓ ਸਰਦਲਾਂ ਤੋਂ ਚੁੱਕ ਕੇ ਅਕਬਾਰ ਆਈ ਹੈ

ਘਰਾਂ ਦੀ ਅੱਗ ਸਿਆਣੀ ਏ ਤਦੇ ਇਸ ਦੀ ਲਪੇਟ ਅੰਦਰ
ਬਗਾਨੀ ਧੀ ਹੀ ਆਈ ਹੈ ਕਿ ਜਿੰਨੀ ਵਾਰ ਆਈ ਹੈ

ਲਗਾਈ ਸੀ ਜੋ ਤੀਲਾਂ ਨਾਲ, ਬੁਝਦੀ ਨਾ ਅਪੀਲਾਂ ਨਾਲ
ਨਹੀਂ ਮੁੜਦੀ ਦਲੀਲਾਂ ਨਾਲ ਅਗਨ ਜੁ ਦੁਆਰ ਆਈ ਹੈ

ਐ ਮੇਰੇ ਸ਼ਹਿਰ ਦੇ ਲੋਕੋ ਬਹੁਤ ਖੁਸ਼ ਹੈ ਤੁਹਾਡੇ ਤੇ
ਤੁਹਾਡੇ ਸ਼ਹਿਰ ਵੱਲ ਗਿਰਝਾਂ ਦੀ ਇਹ ਜੋ ਡਾਰ ਆਈ ਹੈ

ਅਸਾਂ ਬੀਜੇ, ਤੁਸਾਂ ਬੀਜੇ, ਕਿਸੇ ਬੀਜੇ, ਚਲੋ ਛੱਡੋ
ਕਰੋ ਝੋਲੀ, ਭਰੋ ਅੰਗਿਆਰ ਲਉ ਕਿ ਬਹਾਰ ਆਈ ਹੈ

ਨਦੀ ਏਨੀ ਚੜ੍ਹੀ ਕਿ ਨੀਰ ਦਹਿਲੀਜ਼ਾਂ ‘ਤੇ ਚੜ੍ਹ ਆਇਆ
ਬਦੀ ਏਨੀ ਵਧੀ ਕਿ ਆਪਣੇ ਵਿਚਕਾਰ ਆਈ ਹੈ

ਕੋਈ ਕੋਂਪਲ ਨਵੀਂ ਫੁੱਟੀ ਕਿ ਕੋਈ ਡਾਲ ਹੈ ਟੁਟੀ
ਕਿ ਆਈ ਜਾਨ ਵਿਚ ਮੁੱਠੀ, ਕਿਸੇ ਦੀ ਤਾਰ ਆਈ ਹੈ ।

(5)

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।

ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ
ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ
ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ
ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ

ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ
ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ
ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ
ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ

ਓਹੀ ਛਿੱਟੇ ਖੂਨ ਦੇ, ਬਣ ਗਏ ਬਹਾਨਾ
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ
ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ
ਚੌਕ –ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ

ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ
ਸਭ ਕੁਝ ਅੱਗ ਵਿਚ ਸੜ ਗਿਆ
ਮਿਰਚਾਂ ਨਾ ਸੜੀਆਂ
ਉਹ ਮਿਰਚਾਂ ਜ਼ਹਿਰੀਲੀਆਂ
ਏਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ ਵਾਰ ਕੇ
ਅੱਗ ਦੇ ਵਿਚ ਸਾੜੋ ।

ਅੱਗ ਪਿਤਰਾਂ ਦੀ ਜੀਭ ਹੈ
ਓਦੀ ਭੇਟਾ ਚਾੜ੍ਹੋ
ਉਹ ਪਿਤਰਾਂ ਦਾ ਬੀਜਿਆਂ
ਬੀਤੇ ਸੰਗ ਸਾੜੋ ।

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ


(6)

ਚੰਨ ਦੀ ਚਾਨਣੀ - ਸੁਰਜੀਤ ਪਾਤਰ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਪਡ਼ੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ
ਤੇਰੇ ਚਿਹਰੇ ਉੱਤੇ ਅੱਜ ਵੀ ,ਓਹਨਾ ਦੀਵਿਆਂ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਵੀ ਬਾਤ ਤੂੰ ਕਹੀ ਹੈ, ਸੱਜਰੀ ਹਵਾ ਜਿਹੀ ਹੈ
ਇਹ ਬਹਾਰ ਦਾ ਸੁਨੇਹਾ,ਤੇ ਸਵੇਰਿਆਂ ਦੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਇਹ ਚੰਨ ਦੀ ਚਾਨਣੀ ਵੀ, ਧੁੱਪ ਦਾ ਹੀ ਤਰਜ਼ਮਾ ਹੈ
ਤੇ ਇਹ ਧੁੱਪ ਵੀ ਓਡ਼ਕਾਂ ਨੂੰ, ਕਿਸੇ ਬਲ ਰਹੇ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਨਫ਼ਰਤ ਦੇ ਤੀਰ ਚਲਦੇ,ਐਪਰ ਨਾ ਮੈਨੂੰ ਖਲ਼ਦੇ
ਮੇਰੀ ਆਤਮਾ ਦੁਆਲੇ ,ਤੇਰੇ ਪਿਆਰ ਦੀ ਸੰਜੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ