ਲਾਲ ਸਿੰਘ ਦਿਲ

ਲਾਲ ਸਿੰਘ ਦਿਲ (14 ਅਪ੍ਰੈਲ 1943[੧]–14 ਅਗਸਤ 2007)[੨] ਨਕਸਲਬਾੜੀ ਦੌਰ ਦਾ ਪ੍ਰਮੁੱਖ ਪੰਜਾਬੀ ਕਵੀ ਸੀ।

ਜੀਵਨ

ਲਾਲ ਸਿੰਘ ਦਿਲ ਦਾ ਜਨਮ 14 ਅਪ੍ਰੈਲ 1943 ਨੂੰ ਮਾਤਾ ਚਿੰਤ ਕੌਰ ਪਿਤਾ ਰੌਣਕੀ ਰਾਮ, ਪਿੰਡ ਘੁੰਗਰਾਲੀ ਸਿੱਖਾਂ, ਜਿਲਾ ਲੁਧਿਆਣਾ ਵਿਚ ਹੋਇਆ। ਦਲਿਤ ਪਰਿਵਾਰ ਵਿਚ ਪੈਦਾ ਹੋਏ ਲਾਲ ਸਿੰਘ ਦਿਲ ਨੇ ਜ਼ਿੰਦਗੀ ਨਿਰਬਾਹ ਕਰਨ ਲਈ ਛੋਟੇ ਮੋਟੇ ਕੰਮ ਕੀਤੇ ਅਤੇ ਕੁਝ ਦੇਰ ਯੂ.ਪੀ. ਵਿਚ ਵੀ ਰਿਹਾ। ਲਾਲ ਸਿੰਘ ਦਿਲ ਨਕਸਲਬਾੜੀ ਕਾਵਿ-ਲਹਿਰ ਨਾਲ ਤੂਫਾਨ ਵਾਂਗ ਉੱਠਿਆ ਕਵੀ ਸੀ।
ਰਚਨਾਵਾਂ
ਕਾਵਿ-ਪੁਸਤਕਾਂ

    ਸਤਲੁਜ ਦੀ ਹਵਾ (1972)
    ਬਹੁਤ ਸਾਰੇ ਸੂਰਜ (1973)
    ਸੱਥਰ (1997)
    ਨਾਗ ਲੋਕ (1998)
    ਬਿੱਲਾ ਅੱਜ ਫਿਰ ਆਇਆ (ਲੰਮੀ ਬਿਰਤਾਂਤਕ ਕਵਿਤਾ)

ਸਵੈ ਜੀਵਨੀ

    ਦਾਸਤਾਨ (1999)

ਕਾਵਿ ਕਲਾ

ਲਾਲ ਸਿੰਘ ਦਿਲ ਨਕਸਲਬਾੜੀ ਦੌਰ ਦਾ ਪ੍ਰਮੁੱਖ ਕਵੀ ਹੈ ਜੋ ਆਪਣੇ ਵੱਖਰੇ ਅਨੁਭਵ ਅਤੇ ਵਿਕਲੋਤਰੀ ਕਾਵਿ ਸ਼ੈਲੀ ਕਾਰਨ ਲਹਿਰ ਦੇ ਬਾਕੀ ਕਵੀਆਂ ਨਾਲੋਂ ਵੱਖਰੇ ਸੁਹਜ ਦੀ ਸਿਰਜਣਾ ਕਰਦਾ ਹੈ। ਸ਼ਾਇਦ ਦਿਲ ਦੀ ਵਿਲੱਖਣਤਾ ਦਾ ਕਾਰਨ ਉਸ ਦੇ ਜੀਵਨ ਅਨੁਭਵ ਦੀ ਦੇਣ ਹੈ। ਲਾਲ ਸਿੰਘ ਦਿਲ ਦਲਿਤ ਵਰਗ ਦਾ ਗਰੀਬ ਯੁਵਕ ਸੀ ਜੋ ਨਕਸਲਬਾੜੀ ਦੌਰ ਦੀ ਰਾਜਸੀ ਸਮਝ ਨਾਲ ਆਪਣੀ ਹੋਣੀ ਜੋੜਦਾ ਹੈ ਅਤੇ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਹੀਣ ਭਾਵਨਾ ਦੀ ਥਾਂ ਸੰਘਰਸ਼ ਭਾਵਨਾ ਨਾਲ ਭਰਿਆ ਹੋਇਆ ਹੈ।[੩] ਉਸ ਦੀ ਸੰਵੇਦਨਸ਼ੀਲ ਗ੍ਰਹਿਣਸ਼ੀਲਤਾ ਉਸ ਨੂੰ ਬਾਕੀਆਂ ਨਾਲੋਂ ਵੱਖਰਾ ਕਰਦੀ ਹੈ। ਵਰਗ ਸੰਘਰਸ਼ ਦੇ ਅਸਲੀ ਅਰਥ ਦਲਿਤ ਅਤੇ ਦਮਿਤ ਵਿਅਕਤੀ ਹੀ ਸਮਝ ਸਕਦਾ ਹੈ। ਉਸ ਦੀਆਂ ਕਵਿਤਾਵਾਂ ਵਿਚ ਜਮਾਤੀ ਦੁਸ਼ਮਣ ਪ੍ਰਤੀ ਪ੍ਰਚੰਡ ਨਫਰਤ ਦਿਖਾਈ ਦਿੰਦੀ ਹੈ। ਭਾਰਤ ਦੀ ਸਮਾਜਿਕ ਬਣਤਰ ਬੜੀ ਗੁੰਝਲਦਾਰ ਹੈ। ਇੱਥੇ ਕੇਵਲ ਜਮਾਤੀ ਵੰਡ ਹੀ ਨਹੀਂ ਸਗੋਂ ਜਾਤੀ ਵੰਡ ਵੀ ਹੈ। ਲਾਲ ਸਿੰਘ ਇਸ ਤੱਥ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਜਾਤਪਾਤ ਕਿਵੇਂ ਸੰਵੇਦਨਸ਼ੀਲ ਮਨੁੱਖ ਨੂੰ ਨਪੀੜਦੀ ਹੈ। ਉਸ ਦੀ ਕਵਿਤਾ ਫਾਲਿਆਂ ਤੋਂ ਤਿੱਖੇ ਦੰਦ ਵਿਚਲਾ ਵਿਅੰਗ ਬਹੁਤ ਹੀ ਤੀਖਣ ਹੈ। ਨਕਸਲਬਾੜੀ ਲਹਿਰ ਦੇ ਹੋਰ ਕਵੀਆਂ ਦੇ ਮੁਕਾਬਲੇ ਲਾਲ ਸਿੰਘ ਦਿਲ ਦੀ ਵਿਲੱਖਣਤਾ ਹੈ ਕਿ ਉਸ ਨੇ ਪਿਆਰ ਨੂੰ ਜਮਾਤੀ ਨਜ਼ਰੀਏ ਦੇ ਨਾਲੋ ਨਾਲ ਜਾਤੀ ਨਜ਼ਰੀਏ ਵਜੋਂ ਵੀ ਵੇਖਿਆ: ਮੈਨੂੰ ਪਿਆਰ ਕਰਦੀਏ ਪਰ-ਜਾਤ ਕੁੜੀਏ ਸਾਡੇ ਸਕੇ ਮੁਰਦੇ ਵੀ ਇਕ ਥਾਂ ਤੇ ਨਹੀਂ ਜਲਾਉਂਦੇ। ਇਤਿਹਾਸ/ਮਿਥਿਹਾਸ ਨੂੰ ਨਵ ਅਰਥ ਦੇਣੇ ਨਕਸਲਬਾੜੀ ਲਹਿਰ ਦੇ ਕਵੀਆਂ ਦਾ ਸਾਂਝਾ ਲੱਛਣ ਹੈ। ਲਾਲ ਸਿੰਘ ਦਿਲ ਦੀ ਕਾਂਗਲਾ ਤੇਲੀ ਮਿਥਿਹਾਸ ਅਧਾਰਿਤ ਲੰਮੀ ਬਿਰਤਾਂਤਕ ਕਵਿਤਾ ਹੈ ਜਿਸ ਵਿਚ ਹੋਈ ਬੀਤੀ ਘਟਨਾ ਦੇ ਜਮਾਤੀ ਅਧਾਰਾਂ ਨੂੰ ਸਪਸ਼ਟ ਕਰਦਿਆਂ ਕਿਥੇ ਰਾਜਾ ਭੋਜ ਕਿਥੇ ਕਾਂਗਲਾ ਦਾ ਜੁਆਬ ਦਿੱਤਾ ਹੈ। ਉਹ ਆਪਣੀਆਂ ਕਵਿਤਾਵਾਂ ਵਿਚ ਜਮਾਤੀ ਦ੍ਰਿਸ਼ਟੀਕੋਣ ਨੂੰ ਪ੍ਰਗਟਾਉਣ ਲਈ ਸੰਤ ਰਾਮ ਉਦਾਸੀ ਵਾਂਗ ਸਿਆਸੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਦਾ ਸਗੋਂ ਉਹ ਚੁੱਪ ਚੁਪੀਤੇ ਕਵਿਤਾ ਕਹਿੰਦਾ ਹੈ ਜਿਸ ਵਿਚੋਂ ਸਿਆਸੀ ਅਰਥਾਂ ਤੋਂ ਬਿਨਾ ਹੋਰ ਕੋਈ ਅਰਥ ਨਹੀਂ ਲਏ ਜਾ ਸਕਦੇ। ਦਿਲ ਆਪਣੀਆਂ ਸ਼ਾਮ ਦਾ ਰੰਗ, ਕੜੇਲੀ ਪਿੰਡ ਦੀਆਂ ਵਾਸਣਾਂ, ਨਾਮਾ ਅਤੇ ਜਜ਼ਬੇ ਦੀ ਖੁਦਕਸ਼ੀ ਵਰਗੀਆਂ ਵਿਲੱਖਣ ਅਨੁਭਵ ਅਤੇ ਪ੍ਰਗਟਾਅ ਸ਼ੈਲੀ ਵਾਲੀਆਂ ਰਚਨਾਵਾਂ ਕਾਰਨ ਵੱਖਰਾ ਹੀ ਦਿਸਦਾ ਰਹੇਗਾ।
ਕਾਵਿ-ਵੰਨਗੀ

===ਅਸੀਂ ਵੱਡੇ ਵੱਡੇ ਪਹਿਲਵਾਨ===

ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕਸ ਲੈਂਦੇ ਹਾਂ ਲੰਗੋਟੇ
ਲੜਨ ਲਈ ਭੁਖ ਨੰਗ ਨਾਲ
ਜੋੜ ਤੋੜ ਜੋੜ ਤੋੜ ਕਰਦੇ ਰਹਿਣਾ ਸਾਰੀ ਕਸਰਤ ਹੈ।
ਦਾਅ ਬਹੁਤ ਡਾਢੇ ਨੇ
ਬੋਲਣ ਦੀ ਥਾਂ ਚੁੱਪ ਕਰ ਜਾਣਾ

ਪੀਣ ਦੀ ਥਾਂ ਪਿਆਸੇ ਮਰ ਜਾਣਾ
ਖਾਣ ਦੀ ਥਾਂ ਕਸਮ ਖਾਣੀ ਲੜਦੇ ਰਹਿਣ ਦੀ।
ਪਛਾੜਦੇ ਹਾਂ ਵੱਡੇ ਵੱਡੇ ਪਹਿਲਵਾਨ
ਗਰਦਣ ਤੇ ਗੋਡਾ ਧਰਕੇ
ਖੇਤ ਪਏ ਗਧੇ ਵਾਲੀ ਜੂਨ ਭੁਗਤਦੇ ਹਾਂ
ਪਰ ਤਾਂ ਵੀ ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕਸ ਲੈਂਦੇ ਹਾਂ ਲੰਗੋਟੇ।[੪]

14 ਅਗਸਤ 2007 ਨੂੰ ਉਸਦਾ ਆਂਤੜੀਆਂ ਦੀ ਬਿਮਾਰੀ ਕਾਰਨ ਦਇਆਨੰਦ ਮੈਡੀਕਲ ਹਸਪਤਾਲ ਵਿਚ ਦਿਹਾਂਤ ਹੋ ਗਿਆ।