ਭਾਈ ਵੀਰ ਸਿੰਘ

ਭਾਈ ਵੀਰ ਸਿੰਘ
ਜਨਮ:     5 ਦਸੰਬਰ 1872
ਅੰਮ੍ਰਿਤਸਰ, ਸਾਂਝਾ ਪੰਜਾਬ
ਮੌਤ:     10 ਜੂਨ 1957
ਅੰਮ੍ਰਿਤਸਰ, ਪੰਜਾਬ (ਭਾਰਤ)
ਕਾਰਜ_ਖੇਤਰ:     ਕਵੀ, ਲੇਖਕ, ਵਿਦਵਾਨ
ਰਾਸ਼ਟਰੀਅਤਾ:     ਭਾਰਤੀ
ਭਾਸ਼ਾ:     ਪੰਜਾਬੀ
ਕਾਲ:     ਵੀਹਵੀਂ ਸਦੀ
ਵਿਧਾ:     ਕਵਿਤਾ, ਵਾਰਤਕ, ਨਿਬੰਧ, ਨਾਵਲ, ਨਾਟਕ

ਭਾਈ ਵੀਰ ਸਿੰਘ (1872–1957)[੧] ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਨ੍ਹਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰਕੇ ਇਹਨਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।

ਮੁੱਢਲੀ ਜ਼ਿੰਦਗੀ

ਸਿੰਘ ਦਾ ਜਨਮ 5 ਦਸੰਬਰ 1872 ਈ: ਨੂੰ ਅੰਮ੍ਰਿਤਸਰ ਵਿਖੇ ਡਾ: ਚਰਨ ਸਿੰਘ ਦੇ ਘਰ ਰੋਇਆ।[੨] ਇਸ ਘਰਾਣੇ ਦਾ ਸਬੰਧ ਸਿੱਖ ਇਤਿਹਾਸ ਦੇ ਦੀਵਾਨ ਕੌੜਾ ਮੱਲ ਨਾਲ ਸੀ। 1891 ਵਿੱਚ ਅੰਮ੍ਰਿਤਸਰ ਦੇ ਚਰਨ ਮਿਸ਼ਨ ਸਕੂਲ ਤੋਂ ਦਸਵੀਂ ਦਾ ਇਮਤਿਹਾਨ ਜ਼ਿਲੇ ਭਰ ਵਿੱਚੋਂ ਅੱਵਲ ਰਹਿ ਕੇ ਪਾਸ ਕੀਤਾ।[ਸਰੋਤ ਚਾਹੀਦਾ] ਉਹਨਾਂ ਸਰਕਾਰੀ ਨੌਕਰੀ ਪਿੱਛੇ ਨਾ ਦੌੜ ਕੇ ਇੱਕ ਲੇਖਕ ਦੇ ਤੌਰ ਤੇ ਕੰਮ ਕਰਨਾ ਸੁਰੂ ਕੀਤਾ ਅਤੇ ਸ਼ੁਰੂ ਵਿੱਚ ਸਕੂਲਾਂ ਲਈ ਪਾਠ-ਪੁਸਤਕਾਂ ਲਿਖੀਆਂ। 189 ਵਿਚ[ਸਰੋਤ ਚਾਹੀਦਾ] ਉਹਨਾਂ ਨੇ ਹਫ਼ਤਾਵਰੀ ਖਾਲਸਾ ਸਮਾਚਾਰ ਅਖ਼ਬਾਰ ਸੁਰੂ ਕੀਤਾ ਅਤੇ ਇੱਕ ਸਾਲ ਬਾਅਦ ਨਿਰਗੁਣਿਆਰਾ ਜਾਰੀ ਕੀਤਾ। ਸਿੰਘ ਨੇ ਭਾਵੇਂ ਯੂਨੀਵਰਸਿਟੀ ਦੀ ਸਿੱਖਿਆ ਹਾਸਲ ਨਹੀਂ ਕੀਤੀ ਪਰ ਸੰਸਕ੍ਰਿਤ, ਫ਼ਾਰਸੀ, ਉਰਦੂ, ਗੁਰਬਾਣੀ, ਸਿੱਖ ਇਤਿਹਾਸ ਅਤੇ ਹਿੰਦੂ ਇਤਿਹਾਸ ਦੇ ਫ਼ਲਸਫ਼ੇ ਦਾ ਅਧਿਐਨ ਕੀਤਾ। ਉਹਨਾਂ ਦੀ ਬਹੁਤੀ ਰਚਨਾ ਸਿੱਖੀ ਪ੍ਰਚਾਰ ਨਾਲ਼ ਸਬੰਧ ਰੱਖਦੀ ਹੈ।
ਰਾਜਸੀ ਸਰਗਰਮੀਆਂ
ਭਾਈ ਵੀਰ ਸਿੰਘ ਦਾ ਕੰਮਕਾਰ ਵਾਲਾ ਡੈਸਕ

ਇਸ ਸਮੇਂ ਈਸਾਈ ਮਿਸਨਰੀਆਂ ਦੇ ਪ੍ਰਚਾਰ ਦੇ ਪ੍ਰਤਿਕਰਮ ਵਜੋਂ ਅਹਿਮਦੀ ਤੇ ਆਰੀਆ ਸਮਾਜੀ ਲਹਿਰਾਂ ਉਰਦੂ ਤੇ ਹਿੰਦੀ ਰਾਂਹੀ ਪ੍ਰਚਾਰ ਕਰ ਰਹੀਆਂ ਸਨ। ਸਿੰਘ ਸਭਾ ਲਹਿਰ ਵੀ ਪੰਜਾਬੀ ਬੋਲੀ ਤੇ ਸਿੱਖ ਧਰਮ ਦੀ ਰੱਖਿਆ ਲਈ ਮੈਦਾਨ ਵਿੱਚ ਪ੍ਰਵੇਸ਼ ਕਰ ਚੁੱਕੀ ਸੀ। ਪਰ ਇਸ ਲਹਿਰ ਵਿੱਚ ਸਭ ਤੋਂ ਵਧੇਰੇ ਹਿੱਸਾ ਭਾਈ ਵੀਰ ਸਿੰਘ ਨੇ ਪਾਇਆ
ਰਚਨਾਵਾਂ
ਗਲਪ

    ਸੁੰਦਰੀ (1898)
    ਬਿਜੇ ਸਿੰਘ (1899)
    ਸਤਵੰਤ ਕੌਰ-ਦੋ ਭਾਗ(1890 ਤੇ 1927)

ਕਵਿਤਾ

    ਦਿਲ ਤਰੰਗ(1920)
    ਤਰੇਲ ਤੁਪਕੇ(1921)
    ਲਹਿਰਾਂ ਦੇ ਹਾਰ(1921)
    ਮਟਕ ਹੁਲਾਰੇ(1922)
    ਬਿਜਲੀਆਂ ਦੇ ਹਾਰ(1927)
    ਪ੍ਰੀਤ ਵੀਣਾਂ
    ਮੇਰੇ ਸਾਂਈਆਂ ਜੀਉ(1953)

ਹੋਰ

ਉਨ੍ਹਾਂ ਨੇ ਸਿੱਖ ਧਰਮ ਦੀਆਂ ਪੁਰਾਣੀਆਂ ਰਚਨਾਵਾਂ ਜਿਵੇਂ ‘ਸਿਖਾਂ ਦੀ ਭਗਤ ਮਾਲਾ’(1912), ਪ੍ਰਾਚੀਨ ਪੰਥ ਪ੍ਰਕਾਸ਼(1914) ਪੁਰਾਤਨ ਜਨਮ ਸਾਖੀਆਂ(1926), ਸਾਖੀ ਪੋਥੀ(1950) ਦੇ ਆਲੋਚਨਾਤਮਕ ਅਧਿਐਨ ਛਾਪੇ,

ਭਾਈ ਸਾਹਿਬ ਨੇ ਸੰਤੋਖ ਸਿੰਘ ਦੁਆਰਾ ਰਚਿਤ ‘ਸ੍ਰੀ ਗੁਰੂ ਪ੍ਰਤਾਪ ਸੂਰਜ ਗਰੰਥ’ (6668 ਪੰਨੇ) ਦਾ ਅਧਿਐਨ 1927 ਤੋਂ 1935 ਦਰਮਿਆਨ 14 ਹਿੱਸਿਆਂ ਵਿੱਚ ਛਪਿਆ। ਇਸ ਤਰ੍ਹਾਂ 1930 ਤੱਕ ਦੇ ਪੰਜਾਬੀ ਸਾਹਿਤ ਉੱਪਰ ਭਾਈ ਵੀਰ ਸਿੰਘ ਦੀ ਮਹਾਨ ਸ਼ਖਸੀਅਤ ਦਾ ਪ੍ਰਭਾਵ ਰਿਹਾ।
ਸਨਮਾਨ

ਆਪ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਯੁਨੀਵਰਸਿਟੀ ਨੇ ਆਪ ਨੂੰ 1949 ਵਿੱਚ ਡਾਕਟਰ ਆਫ ਉਰੀਐਂਟਲ ਲਰਨਿੰਗ ਦੀ ਡਿਗਰੀ ਭੇਂਟ ਕੀਤੀ। 1952 ਵਿੱਚ ਆਪ ਨੂੰ ਪੰਜਾਬ ਵਿਧਾਨ ਸਭਾ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1950 ਵਿੱਚ ਆਪ ਨੂੰ ਵਿਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ। 1955 ਵਿੱਚ ਆਪ ਦੀ ਪੁਸਤਕ ‘ਮੇਰੇ ਸਾਂਈਆਂ ਜੀਉ’ ਨੂੰ ਸਾਹਿਤਕ ਅਕਾਦਮੀ ਵਲੋਂ ਪੰਜ ਹਜ਼ਾਰ ਦਾ ਇਨਾਮ ਮਿਲਿਆ। 1956 ਵਿੱਚ ਆਪ ਨੂੰ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਹੋਰ

ਭਾਈ ਸਾਹਿਬ ਨੇ ਆਧੁਨਿਕ ਕਵੀ ਹੋਣ ਤੇ ਵੀ ਪਰੰਪਰਾ ਦਾ ਪੂਰਾ ਤਿਆਗ ਨਹੀਂ ਸੀ ਕੀਤਾ। ਆਪ ਦੀਆਂ ਕੁਝ ਆਰੰਭਿਕ ਰਚਨਾਵਾਂ ਜਿਵੇਂ ਨਨਾਣ ਭਰਜਾਈ ਸਿਖਿਆਦਾਇਕ ਵਾਰਤਾਲਾਪ ਅਤੇ ਭਰਥਰੀ ਹਰੀ ਦਾ ‘ਨੀਤੀ ਸ਼ਤਕ’ (ਅਨੁਵਾਦ) ਨਿਰੋਲ ਪਰੰਪਰਾਗਤ ਰੂਪ ਤੇ ਸ਼ੈਲੀ ਦੀ ਗੁਆਹੀ ਭਰਦੇ ਹਨ। ਇਹਨਾਂ ਵਿੱਚ ਸੁਧਾਰਵਾਦੀ ਤੇ ਉਪਦੇਸ਼ਾਤਮਕ ਰੁਚੀ ਪ੍ਰਦਾਨ ਹੈ। ਦੋਹਾਂ ਵਿੱਚ ਬੈਂਤ ਛੰਦ ਦੀ ਵਰਤੋਂ ਹੈ।
ਮਹਾਂ ਕਾਵਿ ‘ਰਾਣਾ ਸੁਰਤ ਸਿੰਘ’

ਭਾਈ ਸਾਹਿਬ ਅਧੁਨਿਕ ਕਵਿਤਾ ਤੇ ਇਤਿਹਾਸ ਵਿੱਚ 1905 ਵਿੱਚ ਰਚੇ ਆਪਣੇ ਮਹਾਂ ਕਾਵਿ ‘ਰਾਣਾ ਸੁਰਤ ਸਿੰਘ’ ਨਾਲ ਪ੍ਰਵੇਸ਼ ਕਰਦੇ ਹਨ। ਇਸ ਵਿੱਚ ਪਹਿਲੀ ਵਾਰ ਕਥਾ ਵਸਤੂ ਲਈ ਕਿੱਸਾ ਕਾਵਿ ਦੀ ਪਰੰਪਰਾ ਦਾ ਤਿਆਗ ਕਰ ਕੇ ਇਸ ਮਹਾਂ ਕਾਵਿ ਦੀ ਪਰੰਪਰਾ ਨਾਲ ਜੋੜਿਆ ਗਿਆ ਹੈ। ਇਸ ਵਿੱਚ ਸਾਂਤ ਰਸ ਲਈ ਸਿਰਖੰਡੀ ਛੰਦ ਦੀ ਵਰਤੋਂ ਕੀਤੀ ਗਈ ਹੈ ਦਰਸ਼ਨਿਕ ਆਦਰਸ ਨੂੰ ਪੂਰੀ ਤਰ੍ਹਾਂ ਸਪੱਸਟ ਕੀਤਾ ਗਿਆ ਹੈ। ਉਹਨਾਂ ਦਾ ਅਧਾਰ ਗੁਰਮਤਿ ਸਰਸ਼ਨ ਹੈ। ਰਾਣਾ ਸੁਰਤ ਸਿੰਘ ਦੀ ਕੌਮੀ ਯੁੱਧ ਵਿੱਚ ਸ਼ਹੀਦੀ ਪਿਛੋਂ ਉਸ ਦੀ ਪਤਨੀ ਰਾਣੀ ਰਾਜ ਕੌਰ ਉਸਦੇ ਵਿਛੋੜੇ ਵਿੱਚ ਵਿਆਕੁਲ ਹੋਈ ਤੜਫਦੀ ਹੈ। ਇਸ ਦਰਦ ਨੂੰ ਮਿਟਾਉਣ ਲਈ ਯਤਨ ਕੀਤੇ ਜਾਂਦੇ ਹਨ ਪਰ ਅੰਤ ਗੁਰਮਤਿ ਦਾ ਹੀ ਸਹਾਰਾ ਉਸਨੂੰ ਆਤਮਿਕ ਸੁੱਖ ਦਿੰਦਾ ਹੈ। ਇਸ ਵਿੱਚ ਕੁਦਰਤ ਦਾ ਵਰਨਣ ਕਾਫੀ ਅਦਭੁੱਤ ਹੈ। ਇਹ ਸਾਂਤੀ ਤੇ ਗਿਆਨ ਦਾ ਵਹਿੰਦਾ ਦਰਿਆ ਹੈ। ਬੱਦਲ ਰਹੇ ਬਿਰਾਜ ਪਰਬਤ ਉਪਰੇ ਕਾਲੇ ਰੂਪ ਵਿਸ਼ਾਲ ਬੈਠੇ ਐਕੁਰਾਂ ਜ਼ਿਕਰ ਹਾਥੀ ਹੋਣ ਬੈਠੇ ਥਾਂਉ ਥਾਂ ਇਨ੍ਹਾਂ ਬੱਦਲਾਂ ਕੇਰੇ ਕਿੰਗਰੇ ਉਗੜੇ ਨਾਲ ਸੁਨਹਿਰੀ ਝਾਲ ਚਮਕੇ ਲਾਲ ਹੋ…… ਭਾਈ ਵੀਰ ਸਿੰਘ ਜੀ ਦੀਆਂ ਛੋਟੀਆਂ ਕਵਿਤਾਵਾਂ ਵਿੱਚ ਵਿਸ਼ੇ ਦੇ ਰੂਪ ਦੀ ਕਾਫੀ ਵੰਨਗੀ ਮਿਲਦੀ ਹੈ। ਉਹਨਾਂ ਨੂੰ ਕੁਦਰਤ ਵਿੱਚ ਰੱਬ ਦਾ ਝਲਕਾਰਾ ਦਿਸਦਾ ਹੈ। ‘ਮਟਕ ਹੁਲਾਰੇ’ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਰੁਮਾਂਟਿਕ, ਰਸਮਈ ਤੇ ਰਹੱਸਮਈ ਵਰਨਣ ਹੈ।
ਪ੍ਰਗੀਤਕ ਕਵਿਤਾ

ਭਾਈ ਵੀਰ ਪੰਜਾਬੀ ਵਿੱਚ ਪ੍ਰਗੀਤਕ ਕਵਿਤਾ ਦੇ ਮੋਢੀ ਹਨ ਤੇ ਉਨ੍ਹਾਂ ਦੀ ਕਵਿਤਾ ਦਾ ਸੁਹਜਾਤਮਕ ਪਧਰ ਬੜਾ ਉੱਚਾ ਹੈ . ਨਮੂਨੇ ਵਜੋਂ :-
ਕੰਬਦੀ ਕਲਾਈ

    ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
    ਅਸਾਂ ਧਾ ਗਲਵਕੜੀ ਪਾਈ,
    ਨਿਰਾ ਨੂਰ ਤੁਸੀਂ ਹੱਥ ਨ ਆਏ
    ਸਾਡੀ ਕੰਬਦੀ ਰਹੀ ਕਲਾਈ,

    ਧਾ ਚਰਨਾਂ ਤੇ ਸੀਸ ਨਿਵਾਯਾ
    ਸਾਡੇ ਮੱਥੇ ਛੋਹ ਨ ਪਾਈ,
    ਤੁਸੀਂ ਉੱਚੇ ਅਸੀਂ ਨੀਵੇਂ ਸਾਂ
    ਸਾਡੀ ਪੇਸ਼ ਨ ਗਈਆ ਕਾਈ ।

    ਫਿਰ ਲੜ ਫੜਨੇ ਨੂੰ ਉੱਠ ਦੌੜੇ
    ਪਰ ਲੜ ਓ ‘ਬਿਜਲੀ-ਲਹਿਰਾ’,
    ਉਡਦਾ ਜਾਂਦਾ ਪਰ ਉਹ ਆਪਣੀ
    ਛੁਹ ਸਾਨੂੰ ਗਯਾ ਲਾਈ;

    ਮਿੱਟੀ ਚਮਕ ਪਈ ਇਹ ਮੋਈ
    ਤੇ ਤੁਸੀਂ ਲੂਆਂ ਵਿਚ ਲਿਸ਼ਕੇ
    ਬਿਜਲੀ ਕੂੰਦ ਗਈ ਥਰਰਾਂਦੀ,
    ਹੁਣ ਚਕਾਚੂੰਧ ਹੈ ਛਾਈ!