ਦਲੀਪ ਕੌਰ ਟਿਵਾਣਾ

ਦਲੀਪ ਕੌਰ ਟਿਵਾਣਾ ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿਕੀ ਕਹਾਣੀ ਦੀ ਲਿਖਾਰੀ ਹੈ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੇ ਸਮਾਜ ਵਿਚ ਨਿਚਲੇ ਸਤਰ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ ਲਿਖੀਆਂ ਯਾ ਆਰਥਕ ਤੌਰ ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕਦੀਆਂ ਨਾ ਹੀ ਉਹ ਇਕ ਡਰ ਥੱਲੇ ਰਹਿ ਕੇ ਪ੍ਰਵਾਰ ਤੇ ਸਮਾਜ ਵਿਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਉਹ ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਪਿੰਡ ਰੱਬੋਂ ਵਿਚ 1935 ਵਿਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਪੰਜਾਬੀ ਵਿਚ ਐਮ ਏ ਕੀਤੀ ਅਤੇ ਯੁਨੀਵਰਸਿਟੀ ਵਿਚ ਪੰਜਾਬੀ ਦੀ ਪੀ ਐਚ ਡੀ ਕਰਨ ਵਾਲੀ ਉਹ ਪਹਿਲੀ ਨਾਰੀ ਸੀ। ਅਜਕਲ ਉਹ ਪੰਜਾਬੀ ਯੁਨਵਿਰਸਿਟੀ ਦੇ ਪੰਜਾਬੀ ਵਿਭਾਗ ਵਿਚ ਪੰਜਾਬੀ ਦੇ ਪ੍ਰੋਫੈਸਰ ਦੇ ਪਦ ਤੇ ਸੁਸ਼ੋਭਤ ਹੈ।

ਆਪਣੇ ਨਾਵਲ ‘ਏਹੁ ਹਮਾਰਾ ਜੀਵਣਾ’(This our Life 1969) ਲਈ ਉਸ 1971 ਵਿਚ ਸਾਹਿਤ ਅਕੈਡਮੀ ਇਨਾਮ ਹਾਸਲ ਕੀਤਾ। ਟਿਵਾਣਾ ਨੇ ਪਹਿਲਾ ਨਾਵਲ 'ਅਗਨੀ ਪ੍ਰੀਖਿਆ'(The Ordeal of Life) ਲਿਖਿਆ,ਜਿਸ ਤੋਂ ਬਾਦ ਉਸ ਨੇ ਨਾਵਲਾਂ ਦੀ ਇਕ ਲੜੀ ਹੀ; ‘ਵਾਟ ਹਮਾਰੀ’(Our path 1970), ‘ਤੀਲੀ ਦਾ ਨਿਸ਼ਾਨ’(mark of Nose Pin,1971) , ‘ਸੂਰਜ ਤੇ ਸਮੁੰਦਰ’(Sun and Ocean,1972), ‘ਦੂਸਰੀ ਸੀਤਾ’(Second Sita,1975), ‘ਸਰਕੰਡੇ ਦਾ ਦੇਸ਼’, ‘ਧੁੱਪ ਛਾਂ ਤੇ ਰੁੱਖ’, ‘ਲੰਮੀ ਉਡਾਰੀ’ ਤੇ ਤਤਕਾਲੀਨ ਨਾਵਲ ‘ਪੀਲੇ ਪੱਤਿਆਂ ਦੀ ਦਾਸਤਾਨ’ ਲਿਖ ਦਿਤੀ।ਨਾਵਲਾਂ ਤੋਂ ਇਲਾਵਾ , ਸ੍ਵੈ ਜੀਵਨੀ ‘ਨੰਗੇ ਪੈਰਾਂ ਦਾ ਸਫ਼ਰ’ ਦੇ ਸਿਰਲੇਖ ਹੇਠ ਲਿਖੀ ਹੈ।ਟਿਵਾਣਾ ਨੇ ਛੇ ਕਹਾਣੀ ਸੰਗ੍ਰਿਹ ਸਾਧਨਾ, ‘ਯਾਤਰਾ’, ‘ਕਿਸ ਦੀ ਧੀ’, ‘ਇਕ ਕੁੜੀ’, ‘ਤੇਰਾ ਮੇਰਾ ਕਮਰਾ’ ਅਤੇ ‘ਮਾਲਣ’ ਵੀ ਛਪਵਾਏ ਹਨ।ਉਸਦੇ ਕਹਾਣੀ ਸੰਗ੍ਰਿਹਾਂ ਦੇ ਅੰਗਰੇਜ਼ੀ ,ਹਿੰਦੀ ਤੇ ਉਰਦੂ ਵਿਚ ਤਰਜਮੇ ਹੋ ਚੁਕੇ ਹਨ ਤੇ ਰਚਨਾਵਾਂ ਕਈ ਪਤ੍ਰਕਾਵਾਂ ਵਿਚ ਪ੍ਰਕਾਸ਼ਿਤ ਕੀਤੀਆਂ ਜਾ ਚੁਕੀਆਂ ਹਨ। ਟਿਵਾਣਾ ਦੇ ਨਾਵਲਾਂ ਤੇ ਕਹਾਣੀਆਂ ਦੇ ਪਾਤਰ ਮਜ਼ਲੂਮ ਤੇ ਦੱਬੇ ਹੋਏ ਪੇਂਡੂ ਲੋਕ ਹਨ ਜਿਨ੍ਹਾਂ ਦੀਆਂ ਹਸਰਤਾਂ ਕੁਚਲੀਆ ਜਾਂਦੀਆਂ ਰਹੀਆਂ ਹਨ। ਨਾਰੀ ਮਾਨਸਕਿਤਾ ਦੀ ਗੁੰਝਲਦਾਰ ਅੰਦਰੂਨੀ ਦੁਬਿਧਾ ਉਸ ਦਾ ਮੁਖ ਵਿਸ਼ਾ ਹੈ। ਗਲਪ ਸਾਹਿਤ ਵਿਚ ਮਹਾਨ ਪ੍ਰਾਪਤੀਆਂ ਤੋਂ ਇਲਾਵਾ ਉਸ ਨੇ ਦੋ ਪੁਸਤਕਾਂ ਸਾਹਿਤਕ ਪੜਚੋਲ ਤੇ ਵੀ ਲਿਖੀਆਂ ਹਨ।

ਰਚਨਾਵਾਂ
ਨਾਵਲ

    ਅਗਨੀ-ਪ੍ਰੀਖਿਆ
    ਏਹੁ ਹਮਾਰਾ ਜੀਵਣਾ
    ਤੀਲੀ ਦਾ ਨਿਸ਼ਾਨ
    ਸੂਰਜ ਤੇ ਸਮੁੰਦਰ
    ਦੂਸਰੀ ਸੀਤਾ
    ਵਿਦ-ਇਨ ਵਿਦ-ਆਊਟ
    ਸਰਕੰਡਿਆਂ ਦੇ ਦੇਸ਼
    ਧੁੱਪ ਛਾਂ ਤੇ ਰੁੱਖ
    ਸਭੁ ਦੇਸੁ ਪਰਾਇਆ
    ਹੇ ਰਾਮ
    ਲੰਮੀ ਉਡਾਰੀ
    ਪੀਲੇ ਪੱਤਿਆਂ ਦੀ ਦਾਸਤਾਨ
    ਹਸਤਾਖਰ
    ਪੈੜ-ਚਾਲ
    ਰਿਣ ਪਿਤਰਾਂ ਦਾ
    ਐਰ-ਵੈਰ ਮਿਲਦਿਆਂ
    ਲੰਘ ਗਏ ਦਰਿਆ
    ਜਿਮੀ ਪੁਛੈ ਅਸਮਾਨ
    ਕਥਾ ਕੁਕਨੁਸ ਦੀ
    ਦੁਨੀ ਸੁਹਾਵਾ ਬਾਗੁ
    ਕਥਾ ਕਹੋ ਉਰਵਸ਼ੀ

ਕਹਾਣੀਆਂ

    ਕਿਸੇ ਦੀ ਧੀ
    ਸਾਧਨਾ
    ਯਾਤਰਾ
    ਇਕ ਕੁੜੀ
    ਤੇਰਾ ਕਮਰਾ ਮੇਰਾ ਕਮਰਾ

ਸੰਪਾਦਿਤ ਕਹਾਣੀ ਸੰਗ੍ਰਹਿ

    ਬਾਬਾਣੀਆਂ ਕਹਾਣੀਆਂ
    ਪੁਤ ਸਪੁਤ ਕਰੇਨਿ
    ਪੈੜਾਂ
    ਕਾਲੇ ਲਿਖੁ ਨਾ ਲੇਖੁ
    ਅੱਠੇ ਪਹਿਰ
    ਡਾ. ਮੋਹਨ ਸਿੰਘ ਦੀਵਾਨਾ

ਸਵੈ-ਜੀਵਨੀ

    ਨੰਗੇ ਪੈਰਾਂ ਦਾ ਸਫਰ
    ਪੁਛਤੇ ਹੋ ਤੋ ਸੁਨੋ
    ਸਿਖਰ ਦੁਪਹਿਰੇ
    ਆਪਣੀ ਛਾਵੇਂ
    ਤੁਰਦਿਆਂ ਤੁਰਦਿਆਂ

ਬੱਚਿਆਂ ਲਈ

    ਪੰਜਾਂ ਵਿਚ ਪ੍ਰਮੇਸ਼ਰ
    ਫੁੱਲਾਂ ਦੀ ਕਹਾਣੀਆਂ
    ਪੰਛੀਆਂ ਦੀ ਕਹਾਣੀਆਂ

ਦਲੀਪ ਕੌਰ ਟਿਵਾਣਾ ਨੇ ਕਈ ਦੇਸੀ ਤੇ ਬਦੇਸ਼ੀ ਸੰਸਥਾਵਾਂ ਤੋਂ ਸਾਹਿਤਕ ਸਨਮਾਨ ਹਾਸਲ ਕੀਤੇ ਹਨ।