ਮਿਰਜਾ ਗਾਲਿਬ

ਮਿਰਜ਼ਾ ਗ਼ਾਲਿਬ
ਮਿਰਜ਼ਾ ਅਸਦਉੱਲਾਹ ਖਾਂ
ਜਨਮ:     27 ਦਸੰਬਰ, 1796
ਆਗਰਾ, ਉੱਤਰ ਪ੍ਰਦੇਸ਼, ਭਾਰਤ
ਮੌਤ:     15 ਫ਼ਰਵਰੀ, 1869
ਦਿੱਲੀ, ਬ੍ਰਿਟਿਸ਼ ਭਾਰਤ
ਰਾਸ਼ਟਰੀਅਤਾ:     ਹਿੰਦੁਸਤਾਨੀ
ਭਾਸ਼ਾ:     ਉਰਦੂ, ਫਾਰਸੀ
ਕਾਲ:     ਮੁਗ਼ਲ ਕਾਲ
ਵਿਧਾ:     ਗਜ਼ਲ
ਵਿਸ਼ਾ:     ਪਿਆਰ, ਦਰਸ਼ਨ

ਮਿਰਜ਼ਾ ਅਸਦਉੱਲਾਹ ਖਾਂ ਉਰਫ਼ ਮਿਰਜ਼ਾ ਗ਼ਾਲਿਬ ਉਰਫ਼ ਗ਼ਾਲਿਬ (27 ਦਸੰਬਰ 1796 – 15 ਫਰਵਰੀ 1869),[੧]  ਉਰਦੂ ਅਤੇ ਫ਼ਾਰਸੀ ਦੇ ਉੱਘੇ ਸ਼ਾਇਰ ਸਨ। ਭਾਰਤ ਅਤੇ ਪਾਕਿਸਤਾਨ ਵਿੱਚ ਇਹਨਾਂ ਨੂੰ ਇੱਕ ਅਹਿਮ ਸ਼ਾਇਰ ਵਜੋਂ ਜਾਣਿਆ ਜਾਂਦਾ ਹੈ ਅਤੇ ਮੁੱਖ ਤੌਰ ’ਤੇ ਉਨ੍ਹਾਂ ਦੀਆਂ ਉਰਦੂ ਗ਼ਜ਼ਲਾਂ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਉਰਦੂ ਦੇ ਨਾਲ਼-ਨਾਲ਼ ਫ਼ਾਰਸੀ ਕਵਿਤਾ ਦੇ ਪਰਵਾਹ ਨੂੰ ਹਿੰਦੁਸਤਾਨੀ ਜ਼ਬਾਨ ਵਿੱਚ ਹਰਮਨ ਪਿਆਰਾ ਬਣਾਉਣ ਦਾ ਵੀ ਪੁੰਨ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਦੇ ਸਾਲਾਂ ਵਿੱਚ ਮੀਰ ਤਕੀ ਮੀਰ ਵੀ ਇਸ ਵਜ੍ਹਾ ਕਰਕੇ ਜਾਣਿਆ ਜਾਂਦਾ ਹੈ। ਗ਼ਾਲਿਬ ਦੇ ਲਿਖੇ ਪੱਤਰ, ਜੋ ਉਸ ਸਮੇਂ ਪ੍ਰਕਾਸ਼ਿਤ ਨਹੀਂ ਹੋਏ ਸਨ, ਵੀ ਉਰਦੂ ਨਸਰ ਦੇ ਅਹਿਮ ਦਸਤਾਵੇਜ਼ ਮੰਨੇ ਜਾਂਦੇ ਹਨ।

ਗ਼ਾਲਿਬ ਅਤੇ ਅਸਦ ਨਾਮ ਨਾਲ਼ ਲਿਖਣ ਵਾਲ਼ੇ ਮਿਰਜ਼ਾ ਮੁਗ਼ਲ ਕਾਲ ਦੇ ਆਖ਼ਰੀ ਹਾਕਮ ਬਹਾਦਰ ਸ਼ਾਹ ਜ਼ਫਰ ਦੇ ਦਰਬਾਰੀ ਕਵੀ ਵੀ ਰਹੇ। ਉਨ੍ਹਾਂ ਨੇ ਆਪਣੇ ਬਾਰੇ ਵਿੱਚ ਆਪ ਲਿਖਿਆ ਸੀ ਕਿ ਦੁਨੀਆਂ ਵਿੱਚ ਬਹੁਤ ਸਾਰੇ ਕਵੀ/ਸ਼ਾਇਰ ਹਨ ਪਰ ਉਨ੍ਹਾਂ ਦਾ ਅੰਦਾਜ਼ ਸਭ ਤੋਂ ਵੱਖਰਾ ਹੈ:

“ਹੈਂ ਔਰ ਭੀ ਦੁਨੀਆਂ ਮੇਂ ਸੁਖ਼ਨਵਰ ਬਹੁਤ ਅੱਛੇ,
ਕਹਤੇ ਹੈਂ ਕਿ ਗ਼ਾਲਿਬ ਕਾ ਹੈ ਅੰਦਾਜ਼-ਏ-ਬਯਾਂ ਔਰ”

ਮੁੱਢਲੀ ਜ਼ਿੰਦਗੀ

ਗ਼ਾਲਿਬ ਦਾ ਜਨਮ ਆਗਰਾ ਵਿੱਚ ਇੱਕ ਫੌਜੀ ਪਿੱਠਭੂਮੀ ਵਾਲ਼ੇ ਪਰਵਾਰ ਵਿੱਚ ਹੋਇਆ ਸੀ। ਬਚਪਨ ਵਿਚ ਹੀ ਉਹਨਾਂ ਦੇ ਪਿਤਾ ਅਤੇ ਚਾਚੇ ਦੀ ਮੌਤ ਹੋ ਗਈ ਅਤੇ ਗ਼ਾਲਿਬ ਦਾ ਪਾਲਣ ਵੀ ਮੁੱਖ ਤੌਰ ’ਤੇ ਆਪਣੇ ਚਾਚੇ ਦੇ ਮਰਨ ਤੋਂ ਬਾਅਦ ਮਿਲਣ ਵਾਲ਼ੀ ਪੈਨਸ਼ਨ ਨਾਲ਼ ਹੁੰਦਾ ਸੀ [੨] (ਉਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿੱਚ ਫੌਜੀ ਅਧਿਕਾਰੀ ਸਨ)।[੩] ਇਹਨਾਂ ਦੀ ਪਿੱਠਭੂਮੀ ਇੱਕ ਤੁਰਕ ਪਰਵਾਰ ਦੀ ਸੀ ਅਤੇ ਉਨ੍ਹਾਂ ਦੇ ਦਾਦੇ ਮੱਧ ਏਸ਼ੀਆ ਦੇ ਸਮਰਕੰਦ ਤੋਂ ਸੰਨ 1750 ਦੇ ਕਰੀਬ ਭਾਰਤ ਆਏ ਸਨ। ਜਦੋਂ ਗਾਲਿਬ ਛੋਟੇ ਸਨ ਤਾਂ ਇੱਕ ਨਵ - ਮੁਸਲਮਾਨ ਈਰਾਨ ਤੋਂ ਦਿੱਲੀ ਆਏ ਸਨ ਅਤੇ ਉਨ੍ਹਾਂ ਦੀ ਸੰਗਤ ਵਿੱਚ ਰਹਿਕੇ ਗਾਲਿਬ ਨੇ ਫ਼ਾਰਸੀ ਸਿੱਖੀ।
ਸਿੱਖਿਆ

ਗ਼ਾਲਿਬ ਦੀ ਸ਼ੁਰੂਆਤੀ ਸਿੱਖਿਆ ਦੇ ਬਾਰੇ ਵਿੱਚ ਸਪਸ਼ਟ ਤੌਰ ਤੇ ਕੁੱਝ ਕਿਹਾ ਨਹੀਂ ਜਾ ਸਕਦਾ ਪਰ ਉਹਨਾਂ ਦੇ ਮੁਤਾਬਕ ਉਨ੍ਹਾਂ ਨੇ 11 ਸਾਲ ਦੀ ਉਮਰ ਤੋਂ ਹੀ ਉਰਦੂ ਅਤੇ ਫ਼ਾਰਸੀ ਵਿੱਚ ਗਦ ਅਤੇ ਪਦ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਜ਼ਿਆਦਾਤਰ ਫ਼ਾਰਸੀ ਅਤੇ ਉਰਦੂ ਵਿੱਚ ਹਿਕਾਇਤੀ ਭਗਤੀ ਅਤੇ ਸਿੰਗਾਰ ਰਸ ਵਿਸ਼ਿਆਂ ’ਤੇ ਗ਼ਜ਼ਲਾਂ ਲਿਖੀਆਂ। ਉਨ੍ਹਾਂ ਨੇ ਫ਼ਾਰਸੀ ਅਤੇ ਉਰਦੂ ਦੋਨਾਂ ਵਿੱਚ ਰਵਾਇਤੀ ਗੀਤ-ਕਵਿਤਾ ਦੀ ਰਹੱਸਮਈ-ਰੋਮਾਂਟਿਕ ਸ਼ੈਲੀ ਵਿੱਚ ਸਭ ਤੋਂ ਵਿਆਪਕ ਤੌਰ ਤੇ ਲਿਖਿਆ ਅਤੇ ਇਹ ਗ਼ਜ਼ਲ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਨਿਜੀ ਜ਼ਿੰਦਗੀ

1810 ਵਿੱਚ ਤੇਰ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਨਵਾਬ ਅਹਿਮਦ ਬਖ਼ਸ਼ ਦੇ ਛੋਟੇ ਭਰਾ ਮਿਰਜ਼ਾ ਅੱਲਹ ਬਖ਼ਸ਼ ਖਾਂ ਮਾਰੂਫ਼ ਦੀ ਧੀ ਅਮਰਾਉ ਬੇਗਮ ਨਾਲ਼ ਹੋਇਆ। ਵਿਆਹ ਦੇ ਬਾਅਦ ਉਹ ਦਿੱਲੀ ਆ ਗਏ ਸਨ ਜਿੱਥੇ ਉਨ੍ਹਾਂ ਦੀ ਤਮਾਮ ਉਮਰ ਗੁਜ਼ਰੀ। ਆਪਣੀ ਪੈਨਸ਼ਨ ਦੇ ਸਿਲਸਿਲੇ ਵਿੱਚ ਉਨ੍ਹਾਂ ਨੂੰ ਕਲਕੱਤਾ ਦੀ ਲੰਬਾ ਸਫ਼ਰ ਵੀ ਕਰਨਾ ਪਿਆ, ਜਿਸਦਾ ਜ਼ਿਕਰ ਉਨ੍ਹਾਂ ਦੀਆਂ ਗ਼ਜ਼ਲਾਂ ਵਿੱਚ ਜਗ੍ਹਾ–ਜਗ੍ਹਾ ਮਿਲਦਾ ਹੈ।
ਰਚਨਾਵਾਂ

    ਦੀਵਾਨ-ਏ-ਗਾਲਿਬ (1841) ਉਰਦੂ
    ਕੁੱਲੀਆਤ-ਏ-ਗਾਲਿਬ (1845) ਫਾਰਸੀ
    ਕਾਤੇਹ ਬਰਹਾਨ (1861) ਫਾਰਸੀ ਗਰੰਥ
    ਮਿਹਰਹਾ ਨੀਮਰੋਜ (1854) ਫਾਰਸੀ ਗਰੰਥ
    ਕੁੱਲੀਆਤ ਨਸਰ (1868) ਫਾਰਸੀ ਗਰੰਥ
    ਉਦ-ਦ-ਹਿੰਦੀ (1868) ਉਰਦੂ ਗਰੰਥ
    ਉਰਦੂ-ਦ-ਮੁੰਆੱਲਾ (1869) ਉਰਦੂ ਗਰੰਥ
    ਇੰਤਿਖ਼ਾਬ ਗ਼ਾਲਿਬ , -ਉਰਦੂ
    ਨਾਦਿਰ ਖ਼ੁਤੂਤ ਗ਼ਾਲਿਬ, -ਉਰਦੂ