ਕਰਤਾਰ ਸਿੰਘ ਦੁੱਗਲ

ਕਰਤਾਰ ਸਿੰਘ ਦੁੱਗਲ(1ਮਾਰਚ 1917-26 ਜਨਵਰੀ 2012) ਪੰਜਾਬੀ ਲੇਖਕ ਸਨ। ਓਹ ਪੰਜਾਬੀ , ਉਰਦੂ , ਹਿੰਦੀ ਅਤੇ ਇੰਗਲਿਸ਼ ਵਿਚ ਲਿਖਦੇ ਸਨ। ਉਸ ਨੇ ਨਿੱਕੀ ਕਹਾਣੀ ਤੋਂ ਬਿਨਾਂ ਨਾਵਲ, ਨਾਟਕ, ਰੇਡੀਓ ਨਾਟਕ ਤੇ ਕਵਿਤਾ ਵੀ ਲਿਖੀ ਤੇ ਇਨ੍ਹਾਂ ਸਾਰੇ ਖੇਤਰਾਂ ਵਿਚ ਮਹਿਮਾ ਪ੍ਰਾਪਤ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਅਨੁਵਾਦ ਵੀ ਕੀਤਾ।
ਜੀਵਨ

ਕਰਤਾਰ ਸਿੰਘ ਦੁੱਗਲ ਦਾ ਜਨਮ ਪਿੰਡ ਧਮਾਲ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ ਵਿੱਚ) ਵਿਖੇ 1 ਮਾਰਚ 1917 ਨੂੰ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ। ਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਐਮ. ਏ. ਅੰਗਰੇਜ਼ੀ ਕਰਨ ਤੋਂ ਬਾਅਦ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਆਲ ਇੰਡੀਆ ਰੇਡਿਓ ਤੋਂ ਸ਼ੁਰੂ ਕੀਤਾ ਸੀ । ਇਸ ਅਦਾਰੇ ਨਾਲ ਇਹ 1942 ਤੋਂ 1966 ਤੱਕ ਵੱਖ-ਵੱਖ ਅਹੁਦਿਆਂ ‘ਤੇ ਰਹਿਕੇ ਕੰਮ ਕਰਦੇ ਰਹੇ ਅਤੇ ਸਟੇਸ਼ਨ ਡਾਇਰੈਕਟਰ ਬਣੇ। ਇਸ ਦੌਰਾਨ ਉਹਨਾਂ ਨੇ ਪੰਜਾਬੀ ਅਤੇ ਹੋਰਨਾਂ ਭਾਸ਼ਵਾਂ ਵਿੱਚ ਪ੍ਰੋਗਰਾਮ ਬਣਾਉਣ ਕਰਨ ਦਾ ਕਾਰਜਭਾਰ ਨਿਭਾਇਆ । ਦੁੱਗਲ 1966 ਤੋਂ 1973 ਤੱਕ ਨੈਸ਼ਨਲ ਬੁੱਕ ਟਰੱਸਟ ਦੇ ਸਕੱਤਰ ਅਤੇ ਡਾਇਰੈਕਟਰ ਵੀ ਰਹੇ । ੳਹਨਾਂ ਨੇ ਸੂਚਨਾ ਅਡਵਾਈਜ਼ਰ ਵਜੋਂ ਮਨਿਸਟਰੀ ਆਫ਼ ਇਨਫ਼ਰਮੇਸ਼ਨ ਐਂਡ ਬਰਾਡਕਾਸਟਿੰਗ (ਪਲੈਨਿੰਗ ਕਮਿਸ਼ਨ ) ਵਿੱਚ ਵੀ ਕੰਮ ਕੀਤਾ ।

ਉਹ ਕਈ ਸੰਸਥਾਵਾਂ ਦੇ ਸੰਸਥਾਪਕ ਵੀ ਸਨ, ਜਿਨ੍ਹਾਂ ਵਿੱਚ ਰਾਜਾ ਰਾਮਮੋਹਨ ਰਾਏ ਲਾਇਬਰੇਰੀ ਫਾਊਂਡੇਸ਼ਨ, ਇਨਸਟੀਚਿਊਟ ਆਫ਼ ਸੋਸ਼ਲ ਐਂਡ ਇਕਨੌਮਿਕ ਚੇਂਜ ਬੰਗਲੌਰ, ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ ਸ਼ਾਮਿਲ ਹਨ। ਉਹ ਸਾਹਿਤਕ ਖੇਤਰ ਦੀਆਂ ਕਈ ਸੰਸਥਾਵਾਂ ਦੇ ਆਹੁਦੇਦਾਰ ਵੀ ਰਹੇ । ਉਹ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਮੌਜੂਦਾ ਪ੍ਰਧਾਨ ਸਨ ਅਤੇ 1984 ਵਿਚ ਪੰਜਾਬੀ ਯੂਨੀਵਰਸਿਟੀ ਦੇ ਨੌਮੀਨੇਟਿਡ ਫੈਲੋ ਬਣੇ । ਅਗਸਤ 1977 ਨੂੰ ਉਹਨਾਂ ਨੂੰ ਸਤਿਕਾਰ ਦਿੰਦਿਆਂ ਰਾਜ ਸਭਾ ਦਾ ਮੈਂਬਰ ਵੀ ਨਾਮਜਦ ਕੀਤਾ ਗਿਆ ।
ਰਚਨਾਵਾਂ
ਕਹਾਣੀ ਸੰਗ੍ਰਹਿ

    ਸਵੇਰ ਸਾਰ (1942)
    ਡੰਗਰ
    ਇੱਕ ਛਿੱਟ ਚਾਨਣ ਦੀ
    ਨਵਾਂ ਘਰ
    ਸੋਨਾਰ ਬੰਗਲਾ
    ਪਿੱਪਲ ਪੱਤੀਆਂ
    ਫੁੱਲ ਤੋੜਨਾ ਮਨਾਂ ਹੈ

ਨਾਵਲ

    ਆਂਦਰਾਂ
    ਪੁੰਨਿਆ ਦੀ ਰਾਤ
    ਤੇਰੇ ਭਾਣੇ
    ਬੰਦ ਦਰਵਾਜ਼ੇ (1959)
    ਮਿੱਟੀ ਮੁਸਲਮਾਨ ਕੀ (1999)

ਨਾਟਕ

    ਮਿੱਠਾ ਪਾਣੀ
    ਪੁਰਾਣੀਆਂ ਬੋਤਲਾਂ
    ਤਿਨ ਨਾਟਕ
    ਸੱਤ ਨਾਟਕ

ਕਵਿਤਾ

    ਕੰਢੇ ਕੰਢੇ
    ਬੰਦ ਦਰਵਾਜ਼ੇ
    ਵੀਹਵੀਂ ਸਦੀ ਤੇ ਹੋਰ ਕਵਿਤਾਵਾਂ (1999)

ਵਾਰਤਕ

    ਮੇਰੀ ਸਾਹਿਤਕ ਜੀਵਨੀ
    ਕਿਸ ਪਹਿ ਖੋਲਉ ਗੰਠੜੀ

ਇਕਾਂਗੀ

    ਸੁੱਤੇ ਪਏ ਨਗਮੇ

ਆਲੋਚਨਾ

    ਨਵੀਂ ਪੰਜਾਬੀ ਕਵਿਤਾ
    ਕਹਾਣੀ ਕਲਾ ਤੇ ਮੇਰਾ ਅਨੁਭਵ

ਇਸ ਤੋਂ ਇਲਾਵਾ ਫ਼ਿਲਾਸਫ਼ੀ ਐਂਡ ਫੇਥ ਆਫ਼ ਸਿੱਖਇਜ਼ਮ, ਗਿਆਨੀ ਗੁਰਮੁਖ ਸਿੰਘ ਮੁਸਾਫਿਰ ਸ਼ਾਮਿਲ ਹਨ। ਕਾਂਗਰਸ ਲਾਇਬਰੇਰੀ ਅਨੁਸਾਰ ਉਹਨਾਂ ਨੇ ਕੁੱਲ 118 ਕਿਤਾਬਾਂ ਲਿਖੀਆਂ ।

ਉਹਨਾਂ ਨੂੰ ਪਦਮ ਭੂਸ਼ਣ, ਸਾਹਿਤ ਅਕਾਡਮੀ ਐਵਾਰਡ, ਗਾਲਿਬ ਐਵਾਰਡ, ਸੋਵੀਅਤ ਲੈਂਡ ਐਵਾਰਡ, ਭਾਰਤੀ ਭਾਸ਼ਾ ਪ੍ਰੀਸ਼ਦ ਐਵਾਰਡ, ਭਾਈ ਮੋਹਣ ਸਿੰਘ ਵੈਦ ਐਵਾਰਡ, ਪੰਜਾਬੀ ਲੇਖਕ ਆਫ਼ ਦਾ ਮਿਲੇਨੀਅਮ ਐਵਾਰਡ, ਭਾਈ ਵੀਰ ਸਿੰਘ ਐਵਾਰਡ, ਪ੍ਰਮਾਣ ਪੱਤਰ ਪੰਜਾਬ ਸਰਕਾਰ ਆਦਿ ਮਾਣ ਸਨਮਾਨ ਵੀ ਸਮੇ ਸਮੇ ਮਿਲੇ। ਉਹ ਯਾਤਰਾਵਾਂ ਕਰਨ ਦੇ ਵੀ ਬਹੁਤ ਸ਼ੁਕੀਨ ਸਨ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 1988 ਵਿਚ ਪਦਮਾ ਭੂਸ਼ਨ ਅਵਾਰ੍ਡ ਨਾਲ ਸਨਮਾਨਿਤ ਕੀਤਾ ਗਿਆ।